ਤਾਜਾ ਖਬਰਾਂ
ਮੱਧ ਮੈਕਸੀਕੋ ਵਿੱਚ ਇੱਕ ਛੋਟੇ ਨਿੱਜੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਾਇਲਟ ਨੇ ਜਹਾਜ਼ ਵਿੱਚ ਆਈ ਤਕਨੀਕੀ ਖ਼ਰਾਬੀ ਕਾਰਨ ਇਸ ਨੂੰ ਐਮਰਜੈਂਸੀ ਹਾਲਤ ਵਿੱਚ ਉਤਾਰਨ ਦੀ ਕੋਸ਼ਿਸ਼ ਕੀਤੀ। ਟੱਕਰ ਤੋਂ ਬਾਅਦ ਜਹਾਜ਼ ਨੂੰ ਭਿਆਨਕ ਅੱਗ ਲੱਗ ਗਈ, ਜਿਸ ਨੇ ਸਵਾਰ ਯਾਤਰੀਆਂ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਦਿੱਤਾ।
ਫੁੱਟਬਾਲ ਮੈਦਾਨ 'ਚ ਉਤਰਨ ਦੀ ਕੋਸ਼ਿਸ਼ ਨਾਕਾਮ
ਸਥਾਨਕ ਅਧਿਕਾਰੀਆਂ ਅਨੁਸਾਰ, ਇਹ ਜਹਾਜ਼ ਮੈਕਸੀਕੋ ਸਿਟੀ ਦੇ ਪੱਛਮ ਵੱਲ ਸਥਿਤ 'ਸੈਨ ਮਾਟੇਓ ਅਟੇਨਕੋ' ਇਲਾਕੇ ਵਿੱਚ ਹਾਦਸੇ ਦਾ ਸ਼ਿਕਾਰ ਹੋਇਆ। ਜਹਾਜ਼ ਨੇ ਅਕਾਪੁਲਕੋ ਤੋਂ ਉਡਾਣ ਭਰੀ ਸੀ ਅਤੇ ਇਸ ਨੂੰ ਟੋਲੂਕਾ ਹਵਾਈ ਅੱਡੇ 'ਤੇ ਪਹੁੰਚਣਾ ਸੀ।
ਪ੍ਰਤੱਖਦਰਸ਼ੀਆਂ ਮੁਤਾਬਕ, ਜਹਾਜ਼ ਇੱਕ ਫੁੱਟਬਾਲ ਦੇ ਮੈਦਾਨ ਵਿੱਚ ਸੁਰੱਖਿਅਤ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਸੰਤੁਲਨ ਵਿਗੜਨ ਕਾਰਨ ਇਹ ਨੇੜਲੀ ਇੱਕ ਵਪਾਰਕ ਇਮਾਰਤ ਦੀ ਛੱਤ ਨਾਲ ਜਾ ਟਕਰਾਇਆ। ਟੱਕਰ ਹੁੰਦੇ ਹੀ ਜਹਾਜ਼ ਅੱਗ ਦੇ ਗੋਲੇ ਵਿੱਚ ਤਬਦੀਲ ਹੋ ਗਿਆ।
ਲਾਸ਼ਾਂ ਦੀ ਭਾਲ ਤੇ ਜਾਂਚ ਜਾਰੀ
ਮੈਕਸੀਕੋ ਸਟੇਟ ਸਿਵਲ ਪ੍ਰੋਟੈਕਸ਼ਨ ਕੋਆਰਡੀਨੇਟਰ ਐਡਰੀਅਨ ਹਰਨਾਂਡੇਜ਼ ਨੇ ਦੱਸਿਆ ਕਿ ਜਹਾਜ਼ ਵਿੱਚ ਕੁੱਲ 10 ਲੋਕ (8 ਯਾਤਰੀ ਅਤੇ 2 ਚਾਲਕ ਦਲ ਦੇ ਮੈਂਬਰ) ਸਵਾਰ ਸਨ। ਹੁਣ ਤੱਕ ਬਚਾਅ ਟੀਮਾਂ ਨੂੰ ਘਟਨਾ ਸਥਾਨ ਤੋਂ 7 ਲਾਸ਼ਾਂ ਬਰਾਮਦ ਹੋਈਆਂ ਹਨ। ਬਾਕੀ ਲੋਕਾਂ ਦੀ ਭਾਲ ਲਈ ਸਰਚ ਆਪ੍ਰੇਸ਼ਨ ਜਾਰੀ ਹੈ।
ਅੱਗ ਬੁਝਾਊ ਦਸਤਿਆਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਹਵਾਨਬਾਜ਼ੀ ਵਿਭਾਗ ਵੱਲੋਂ ਇਸ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਹਨ।
Get all latest content delivered to your email a few times a month.