ਤਾਜਾ ਖਬਰਾਂ
ਸੋਹਾਣਾ ਵਿਖੇ ਕਬੱਡੀ ਟੂਰਨਾਮੈਂਟ ਦੌਰਾਨ ਹੋਏ ਖੂਨੀ ਕਾਂਡ ਵਿੱਚ ਮੋਹਾਲੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਾਤਲਾਂ ਦੀ ਪਛਾਣ ਕਰ ਲਈ ਹੈ। ਐਸ.ਐਸ.ਪੀ. ਮੋਹਾਲੀ ਹਰਮਨਦੀਪ ਹੰਸ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਵਾਰਦਾਤ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਪੁਲਿਸ ਟੀਮਾਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।
ਪਟਿਆਲਾ ਦੇ ਨਿਸ਼ਾਨੇਬਾਜ਼ ਅਤੇ ਅੰਮ੍ਰਿਤਸਰ ਦੇ ਨੌਜਵਾਨਾਂ ਨੇ ਚਲਾਈਆਂ ਗੋਲੀਆਂ
ਐਸ.ਐਸ.ਪੀ. ਅਨੁਸਾਰ ਇਸ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਤਿੰਨ ਮੁੱਖ ਨਾਂ ਸਾਹਮਣੇ ਆਏ ਹਨ। ਪਟਿਆਲਾ ਦੇ ਇੱਕ ਨਿਸ਼ਾਨੇਬਾਜ਼ ਲੱਕੀ ਨੇ ਪੂਰੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਸੀ, ਜਦਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਆਦਿਤਿਆ ਕਪੂਰ ਉਰਫ਼ ਮੱਖਣ ਅਤੇ ਕਰਨ ਪਾਠਕ ਨੇ ਮੌਕੇ 'ਤੇ ਗੋਲੀਆਂ ਚਲਾਈਆਂ ਸਨ। ਪੁਲਿਸ ਨੇ ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਨਾਮਜ਼ਦ ਕਰ ਲਿਆ ਹੈ।
ਗੈਂਗਵਾਰ ਨਹੀਂ, ਸਗੋਂ ਕਬੱਡੀ ਦੇ 'ਦਬਦਬੇ' ਦੀ ਲੜਾਈ
ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਇਹ ਕਤਲ ਕੋਈ ਆਪਸੀ ਗੈਂਗਵਾਰ ਦਾ ਨਤੀਜਾ ਨਹੀਂ ਸੀ। ਐਸ.ਐਸ.ਪੀ. ਹੰਸ ਨੇ ਦੱਸਿਆ ਕਿ ਇਹ ਵਾਰਦਾਤ ਕਬੱਡੀ ਟੂਰਨਾਮੈਂਟਾਂ ਵਿੱਚ ਆਪਣਾ ਦਬਦਬਾ ਕਾਇਮ ਕਰਨ ਦੀ ਰੰਜ਼ਿਸ਼ ਤਹਿਤ ਕੀਤੀ ਗਈ ਹੈ। ਹਾਲਾਂਕਿ, ਜਾਂਚ ਦੌਰਾਨ ਰਾਣਾ ਬਲਾਚੌਰੀਆ ਦੇ ਤਾਰ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਜੁੜੇ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ।
ਮੂਸੇਵਾਲਾ ਕਤਲਕਾਂਡ ਨਾਲ ਕੋਈ ਸਬੰਧ ਨਹੀਂ
ਸ਼ੋਸ਼ਲ ਮੀਡੀਆ 'ਤੇ ਚੱਲ ਰਹੀਆਂ ਅਫ਼ਵਾਹਾਂ ਨੂੰ ਖ਼ਤਮ ਕਰਦਿਆਂ ਪੁਲਿਸ ਨੇ ਸਾਫ਼ ਕੀਤਾ ਕਿ ਇਸ ਕਤਲ ਦਾ ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸ਼ਗਨਪ੍ਰੀਤ ਦਾ ਇਸ ਵਾਰਦਾਤ ਨਾਲ ਕੋਈ ਲਿੰਕ ਨਹੀਂ ਮਿਲਿਆ ਹੈ।
ਫਿਲਹਾਲ ਰਾਣਾ ਬਲਾਚੌਰੀਆ ਦੀ ਦੇਹ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੁਲਿਸ ਦਾ ਦਾਅਵਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਭੇਜ ਦਿੱਤਾ ਜਾਵੇਗਾ।
Get all latest content delivered to your email a few times a month.