ਤਾਜਾ ਖਬਰਾਂ
ਬਰਨਾਲਾ ਸ਼ਹਿਰ ਵਿੱਚ ਕਾਨੂੰਨ-ਵਿਵਸਥਾ ‘ਤੇ ਇੱਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ। ਪੰਚਾਇਤ ਚੋਣਾਂ ਦੇ ਮੱਦੇਨਜ਼ਰ ਵੋਟਿੰਗ ਡਿਊਟੀ ਲਈ ਨਿਕਲੇ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ‘ਤੇ ਲੁਟੇਰਿਆਂ ਵੱਲੋਂ ਤਲਵਾਰ ਦੀ ਨੋਕ ‘ਤੇ ਹਮਲਾ ਕਰਕੇ ਲੁੱਟਖੋਹ ਕਰਨ ਦੀ ਗੰਭੀਰ ਘਟਨਾ ਸਾਹਮਣੇ ਆਈ ਹੈ। ਇਹ ਵਾਰਦਾਤ ਸ਼ਹਿਰ ਦੇ ਕੇਂਦਰੀ ਇਲਾਕੇ ਕੇਸੀ ਰੋਡ, ਲੇਨ ਨੰਬਰ 9 ‘ਚ ਵਾਪਰੀ, ਜਿਸ ਨਾਲ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਪੀੜਤ ਇੰਸਪੈਕਟਰ ਅੰਕੁਸ਼ ਸਿੰਗਲਾ (ਅੰਕੁਸ਼ ਕੁਮਾਰ) ਨੇ ਦੱਸਿਆ ਕਿ ਉਹ ਰਾਤ ਕਰੀਬ 10 ਵਜੇ ਸਕੂਟਰੀ ‘ਤੇ ਐਸਡੀ ਕਾਲਜ ਵੱਲ ਜਾ ਰਹੇ ਸਨ। ਇਸ ਦੌਰਾਨ ਮੋਟਰਸਾਈਕਲ ‘ਤੇ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਰਸਤਾ ਰੋਕ ਕੇ ਉਸਨੂੰ ਘੇਰ ਲਿਆ। ਲੁਟੇਰਿਆਂ ਨੇ ਮੂੰਹ ਢੱਕੇ ਹੋਏ ਸਨ ਅਤੇ ਤਲਵਾਰ ਦਿਖਾ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਨੇ ਉਸਦਾ ਪਰਸ ਖੋਹ ਲਿਆ, ਜਿਸ ਵਿੱਚ ਮਹੱਤਵਪੂਰਨ ਦਸਤਾਵੇਜ਼ ਮੌਜੂਦ ਸਨ।
ਪੀੜਤ ਅਨੁਸਾਰ ਲੁਟੇਰਿਆਂ ਨੇ ਉਸਦਾ ਮੋਬਾਈਲ ਫੋਨ ਅਤੇ ਹੋਰ ਸਮਾਨ ਖੋਹਣ ਦੀ ਵੀ ਕੋਸ਼ਿਸ਼ ਕੀਤੀ, ਪਰ ਉਹ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਉਣ ‘ਚ ਕਾਮਯਾਬ ਹੋ ਗਿਆ। ਲੁਟੇਰਿਆਂ ਨੇ ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਦੇਣ ‘ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ।
ਮਾਮਲੇ ਸਬੰਧੀ ਡੀਐਸਪੀ ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕਿ ਘਟਨਾ ਬਾਰੇ ਪੀੜਤ ਅਤੇ ਗਵਾਹ ਇੰਕੂ ਸਿੰਘ ਦੇ ਬਿਆਨ ਦਰਜ ਕਰ ਲਏ ਗਏ ਹਨ। ਥਾਣਾ ਸਿਟੀ ਬਰਨਾਲਾ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀਆਂ ਸੰਬੰਧਿਤ ਧਾਰਾਵਾਂ ਅਤੇ ਅਸਲਾ ਐਕਟ ਤਹਿਤ ਐਫਆਈਆਰ ਨੰਬਰ 576/2025 ਦਰਜ ਕੀਤੀ ਗਈ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਦੇ ਆਧਾਰ ‘ਤੇ ਮੁਲਜ਼ਮਾਂ ਦੀ ਪਛਾਣ ਲਈ ਵੱਖ-ਵੱਖ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਡੀਐਸਪੀ ਨੇ ਕਿਹਾ ਕਿ ਉਸੇ ਰਾਤ ਮੰਡੀ ਖੇਤਰ ‘ਚ ਵੀ ਲੁੱਟਖੋਹ ਦੀ ਕੋਸ਼ਿਸ਼ ਹੋਈ ਸੀ ਅਤੇ ਸੀਸੀਟੀਵੀ ਦੀ ਜਾਂਚ ਦੌਰਾਨ ਕੁਝ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹੀ ਗਿਰੋਹ ਸ਼ਹਿਰ ‘ਚ ਹੋਈਆਂ ਹੋਰ ਵਾਰਦਾਤਾਂ ‘ਚ ਵੀ ਸ਼ਾਮਲ ਹੋ ਸਕਦਾ ਹੈ। ਪੁਲਿਸ ਦਾ ਦਾਅਵਾ ਹੈ ਕਿ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Get all latest content delivered to your email a few times a month.