ਤਾਜਾ ਖਬਰਾਂ
ਫਿਰੋਜ਼ਪੁਰ ਦੇ ਜ਼ੀਰਾ ਸਥਿਤ ਚਰਚਿਤ ਮਾਲਬਰੋਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ (ਸ਼ਰਾਬ ਫੈਕਟਰੀ) ਵਿਰੁੱਧ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਇੱਕ ਵਾਰ ਫਿਰ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਜਲੰਧਰ ਈਡੀ ਦੀ ਟੀਮ ਨੇ ਫੈਕਟਰੀ ਦੀ 79.93 ਕਰੋੜ ਰੁਪਏ ਦੀ ਜਾਇਦਾਦ ਜ਼ਬਤ (ਅਟੈਚ) ਕਰ ਲਈ ਹੈ। ਇਹ ਕਾਰਵਾਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਵੱਲੋਂ ਫੈਕਟਰੀ ਖਿਲਾਫ ਦਰਜ ਕਰਵਾਈ ਗਈ ਅਪਰਾਧਿਕ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਕੀਤੀ ਗਈ ਹੈ।
ਰਿਵਰਸ ਬੋਰਿੰਗ ਰਾਹੀਂ ਜ਼ਹਿਰੀਲਾ ਪਾਣੀ ਧਰਤੀ 'ਚ ਉਤਾਰਨ ਦਾ ਖੁਲਾਸਾ
ਸਾਂਝਾ ਮੋਰਚਾ ਜ਼ੀਰਾ ਦੇ ਆਗੂ ਰੋਮਨ ਬਰਾੜ ਨੇ ਇਸ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਈਡੀ ਦੀ ਜਾਂਚ ਵਿੱਚ ਬਹੁਤ ਹੀ ਖ਼ੌਫ਼ਨਾਕ ਤੱਥ ਸਾਹਮਣੇ ਆਏ ਹਨ। ਜਾਂਚ ਮੁਤਾਬਕ ਫੈਕਟਰੀ ਪ੍ਰਬੰਧਕਾਂ ਨੇ ਗੁਪਤ ਤਰੀਕੇ ਨਾਲ ਰਿਵਰਸ ਬੋਰਿੰਗ ਕਰਕੇ ਫੈਕਟਰੀ ਦਾ ਜ਼ਹਿਰੀਲਾ ਅਤੇ ਗੰਦਾ ਪਾਣੀ ਸਿੱਧਾ ਧਰਤੀ ਦੇ ਡੂੰਘੇ ਜਲ ਭੰਡਾਰਾਂ ਵਿੱਚ ਭੇਜਿਆ।
ਈਡੀ ਅਨੁਸਾਰ ਫੈਕਟਰੀ ਜਾਣਬੁੱਝ ਕੇ ਗੰਦੇ ਪਾਣੀ ਨੂੰ ਜ਼ਮੀਨ, ਖੁੱਲ੍ਹੀਆਂ ਨਾਲੀਆਂ ਅਤੇ ਨਾਲ ਲੱਗਦੀ ਖੰਡ ਮਿੱਲ ਵਿੱਚ ਛੱਡ ਰਹੀ ਸੀ। ਇਸ ਗੈਰ-ਕਾਨੂੰਨੀ ਕਾਰਵਾਈ ਰਾਹੀਂ ਪੈਦਾ ਕੀਤੇ ਗਏ 'ਪ੍ਰੋਸੀਡਜ਼ ਆਫ ਕ੍ਰਾਈਮ' (ਅਪਰਾਧ ਦੀ ਕਮਾਈ) ਦੇ ਆਧਾਰ 'ਤੇ ਹੀ ਜਾਇਦਾਦ ਨੂੰ ਅਟੈਚ ਕਰਨ ਦਾ ਫੈਸਲਾ ਲਿਆ ਗਿਆ ਹੈ।
ਵਾਤਾਵਰਣ ਅਤੇ ਸਿਹਤ 'ਤੇ ਪਿਆ ਮਾਰੂ ਪ੍ਰਭਾਵ
ਫੈਕਟਰੀ ਵੱਲੋਂ ਕੀਤੇ ਗਏ ਇਸ ਜਲ ਪ੍ਰਦੂਸ਼ਣ ਕਾਰਨ ਇਲਾਕੇ ਦੇ ਵਾਤਾਵਰਣ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਿਆ ਹੈ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਸ ਪ੍ਰਦੂਸ਼ਣ ਕਾਰਨ:
ਆਲੇ-ਦੁਆਲੇ ਦੇ ਪਿੰਡਾਂ ਵਿੱਚ ਫਸਲਾਂ ਤਬਾਹ ਹੋਈਆਂ।
ਵੱਡੀ ਗਿਣਤੀ ਵਿੱਚ ਪਸ਼ੂਆਂ ਦੀ ਮੌਤ ਹੋਈ।
ਪਿੰਡ ਵਾਸੀਆਂ ਨੂੰ ਗੰਭੀਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।
ਪਹਿਲਾਂ ਵੀ ਹੋਈ ਸੀ ਲੱਖਾਂ ਦੀ ਨਕਦੀ ਜ਼ਬਤ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 16 ਜੁਲਾਈ 2024 ਨੂੰ ਵੀ ਈਡੀ ਨੇ ਫੈਕਟਰੀ ਦੇ ਡਾਇਰੈਕਟਰਾਂ ਅਤੇ ਵੱਖ-ਵੱਖ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਉਸ ਸਮੇਂ ਈਡੀ ਨੇ ਪੀਐਮਐਲਏ (PMLA) ਐਕਟ ਤਹਿਤ 78.15 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਸੀ।
ਇਲਾਕਾ ਨਿਵਾਸੀਆਂ ਅਤੇ ਸਾਂਝਾ ਮੋਰਚਾ ਨੇ ਈਡੀ ਦੀ ਇਸ ਕਾਰਵਾਈ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਵਾਤਾਵਰਣ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਜਾਰੀ ਰਹਿਣੀ ਚਾਹੀਦੀ ਹੈ।
Get all latest content delivered to your email a few times a month.