ਤਾਜਾ ਖਬਰਾਂ
ਦੇਸ਼ ਵਿੱਚ ਵਧ ਰਿਹਾ ਹਵਾ ਪ੍ਰਦੂਸ਼ਣ ਅਤੇ ਦੂਸ਼ਿਤ ਪਾਣੀ ਹੁਣ ਸਿਰਫ਼ ਬਿਮਾਰੀਆਂ ਹੀ ਨਹੀਂ ਵੰਡ ਰਿਹਾ, ਸਗੋਂ ਲੋਕਾਂ ਦੀ ਜ਼ਿੰਦਗੀ ਦੇ ਕੀਮਤੀ ਸਾਲ ਵੀ ਖੋਹ ਰਿਹਾ ਹੈ। ਭਾਰਤੀ ਰਿਜ਼ਰਵ ਬੈਂਕ (RBI) ਦੀ ਤਾਜ਼ਾ ਰਿਪੋਰਟ 'ਸਟੈਟਿਸਟੀਕਲ ਹੈਂਡਬੁੱਕ 2024-25' ਵਿੱਚ ਸਾਹਮਣੇ ਆਏ ਅੰਕੜੇ ਬੇਹੱਦ ਹੈਰਾਨ ਕਰਨ ਵਾਲੇ ਹਨ। ਰਿਪੋਰਟ ਮੁਤਾਬਕ ਪਿਛਲੇ ਚਾਰ ਸਾਲਾਂ ਵਿੱਚ ਪੰਜਾਬ ਅਤੇ ਦਿੱਲੀ ਦੇ ਲੋਕਾਂ ਦੀ ਔਸਤ ਜੀਵਨ ਉਮੀਦ (Life Expectancy) ਵਿੱਚ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।
ਉਮਰ ਘਟਣ ਦੇ ਮਾਮਲੇ ਵਿੱਚ ਪੰਜਾਬ ਨੰਬਰ-1
ਆਰਬੀਆਈ ਦੀ ਰਿਪੋਰਟ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਔਸਤ ਉਮਰ ਘਟਣ ਦੇ ਮਾਮਲੇ ਵਿੱਚ ਪੰਜਾਬ ਨੇ ਦਿੱਲੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ:
ਪੰਜਾਬ: ਸਾਲ 2019-23 ਦੌਰਾਨ ਪੰਜਾਬੀਆਂ ਦੀ ਔਸਤ ਉਮਰ ਵਿੱਚ 2 ਸਾਲ ਦੀ ਕਮੀ ਆਈ ਹੈ।
ਦਿੱਲੀ: ਦੇਸ਼ ਦੀ ਰਾਜਧਾਨੀ ਦੇ ਲੋਕਾਂ ਦੀ ਉਮਰ 1.7 ਸਾਲ ਘਟੀ ਹੈ।
ਹਰਿਆਣਾ: ਗੁਆਂਢੀ ਰਾਜ ਹਰਿਆਣਾ ਵਿੱਚ ਵੀ ਔਸਤ ਉਮਰ 1.1 ਸਾਲ ਘੱਟ ਦਰਜ ਕੀਤੀ ਗਈ ਹੈ।
ਮਾਹਰਾਂ ਅਨੁਸਾਰ ਖ਼ਰਾਬ ਹਵਾ ਗੁਣਵੱਤਾ, ਪਾਣੀ ਦਾ ਪ੍ਰਦੂਸ਼ਣ ਅਤੇ ਵਿਗੜਦੀ ਜੀਵਨ ਸ਼ੈਲੀ ਇਸ ਗਿਰਾਵਟ ਦੇ ਮੁੱਖ ਕਾਰਨ ਹਨ।
ਸਿਹਤ ਸਹੂਲਤਾਂ ਨੇ ਕਈ ਰਾਜਾਂ 'ਚ ਵਧਾਈ ਉਮਰ
ਇੱਕ ਪਾਸੇ ਜਿੱਥੇ ਉੱਤਰੀ ਭਾਰਤ ਦੇ ਰਾਜਾਂ ਵਿੱਚ ਗਿਰਾਵਟ ਦੇਖੀ ਗਈ, ਉੱਥੇ ਹੀ ਰਾਸ਼ਟਰੀ ਪੱਧਰ 'ਤੇ ਭਾਰਤ ਦੀ ਔਸਤ ਉਮਰ 0.6 ਸਾਲ ਵਧ ਕੇ 70.3 ਸਾਲ ਹੋ ਗਈ ਹੈ। ਸਿਹਤ ਸਹੂਲਤਾਂ ਵਿੱਚ ਸੁਧਾਰ ਕਾਰਨ ਉੱਤਰ ਪ੍ਰਦੇਸ਼ ਵਿੱਚ ਔਸਤ ਉਮਰ 2.4 ਸਾਲ ਵਧ ਕੇ 68 ਸਾਲ ਹੋ ਗਈ ਹੈ।
ਕੇਰਲ ਅਜੇ ਵੀ ਦੇਸ਼ ਵਿੱਚ ਸਭ ਤੋਂ ਲੰਬੀ ਉਮਰ ਵਾਲਾ ਸੂਬਾ ਬਣਿਆ ਹੋਇਆ ਹੈ, ਜਿੱਥੇ ਲੋਕ ਔਸਤਨ 75.1 ਸਾਲ ਜਿਉਂਦੇ ਹਨ। ਦੂਜੇ ਪਾਸੇ, ਛੱਤੀਸਗੜ੍ਹ ਵਿੱਚ ਔਸਤ ਉਮਰ ਸਭ ਤੋਂ ਘੱਟ (64.6 ਸਾਲ) ਦਰਜ ਕੀਤੀ ਗਈ ਹੈ।
ਹਵਾ ਪ੍ਰਦੂਸ਼ਣ: 'ਸਾਈਲੈਂਟ ਕਿੱਲਰ'
ਸ਼ਿਕਾਗੋ ਯੂਨੀਵਰਸਿਟੀ (2025) ਦੀ ਇੱਕ ਹੋਰ ਰਿਪੋਰਟ ਇਸ ਚਿੰਤਾ ਨੂੰ ਹੋਰ ਵਧਾਉਂਦੀ ਹੈ। ਇਸ ਅਨੁਸਾਰ, ਜੇਕਰ ਹਵਾ ਪ੍ਰਦੂਸ਼ਣ 'ਤੇ ਕਾਬੂ ਨਾ ਪਾਇਆ ਗਿਆ ਤਾਂ ਇਹ ਭਾਰਤੀਆਂ ਦੀ ਔਸਤ ਉਮਰ 3.5 ਸਾਲ ਤੱਕ ਘਟਾ ਸਕਦਾ ਹੈ। WHO ਦੇ ਮਾਪਦੰਡਾਂ ਤੋਂ ਕਈ ਗੁਣਾ ਜ਼ਿਆਦਾ ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈਣ ਕਾਰਨ ਦਿਲ ਦੇ ਰੋਗ, ਸਾਹ ਦੀਆਂ ਬਿਮਾਰੀਆਂ ਅਤੇ ਕੈਂਸਰ ਵਰਗੇ ਘਾਤਕ ਰੋਗ ਤੇਜ਼ੀ ਨਾਲ ਫੈਲ ਰਹੇ ਹਨ।
ਪ੍ਰਦੂਸ਼ਣ ਦੇ ਇਸ ਮਾਰੂ ਪ੍ਰਭਾਵ ਨੂੰ ਦੇਖਦੇ ਹੋਏ ਹੁਣ ਸਮਾਂ ਆ ਗਿਆ ਹੈ ਕਿ ਸਰਕਾਰਾਂ ਅਤੇ ਆਮ ਲੋਕ ਵਾਤਾਵਰਣ ਨੂੰ ਬਚਾਉਣ ਲਈ ਗੰਭੀਰਤਾ ਨਾਲ ਕਦਮ ਚੁੱਕਣ।
Get all latest content delivered to your email a few times a month.