ਤਾਜਾ ਖਬਰਾਂ
1997 ਵਿੱਚ ਆਈ ਸੰਨੀ ਦਿਓਲ ਦੀ ਦੇਸ਼ਭਗਤੀ ਨਾਲ ਭਰਪੂਰ ਫਿਲਮ ਬਾਰਡਰ ਨੇ ਬਾਕਸ ਆਫਿਸ ‘ਤੇ ਇਤਿਹਾਸ ਰਚਿਆ ਸੀ। ਹਫ਼ਤਿਆਂ ਤੱਕ ਸਿਨੇਮਾਘਰਾਂ ਵਿੱਚ ਚੱਲਣ ਵਾਲੀ ਇਸ ਫਿਲਮ ਨੇ ਦਰਸ਼ਕਾਂ ਦੇ ਦਿਲਾਂ ‘ਚ ਦੇਸ਼ ਪ੍ਰਤੀ ਜਜ਼ਬਾ ਭਰ ਦਿੱਤਾ ਸੀ। ਹੁਣ ਲਗਭਗ ਤਿੰਨ ਦਹਾਕਿਆਂ ਬਾਅਦ ਸੰਨੀ ਦਿਓਲ ਬਾਰਡਰ 2 ਨਾਲ ਉਸੇ ਜਜ਼ਬੇ ਨੂੰ ਫਿਰ ਤੋਂ ਜਗਾਉਣ ਆ ਰਹੇ ਹਨ।
ਡੇਢ ਸਾਲ ਪਹਿਲਾਂ ਐਲਾਨੀ ਗਈ ਇਸ ਫਿਲਮ ਦਾ ਟੀਜ਼ਰ ਹੁਣ ਰਿਲੀਜ਼ ਹੋ ਚੁੱਕਾ ਹੈ ਅਤੇ ਟੀਜ਼ਰ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਛਾ ਗਿਆ ਹੈ। ਟੀਜ਼ਰ ਦੀ ਸ਼ੁਰੂਆਤ ਸੰਨੀ ਦਿਓਲ ਦੀ ਭਾਰੀ ਅਤੇ ਜੋਸ਼ ਨਾਲ ਭਰੀ ਆਵਾਜ਼ ਨਾਲ ਹੁੰਦੀ ਹੈ, ਜੋ ਸਿੱਧਾ ਦਿਲ ‘ਤੇ ਅਸਰ ਕਰਦੀ ਹੈ।
ਟੀਜ਼ਰ ਵਿੱਚ ਵਰੁਣ ਧਵਨ, ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈੱਟੀ ਨੂੰ ਤਿੰਨਾਂ ਫੌਜੀ ਬਲਾਂ—ਥਲ ਸੈਨਾ, ਹਵਾਈ ਸੈਨਾ ਅਤੇ ਜਲ ਸੈਨਾ—ਦੀ ਵਰਦੀ ਵਿੱਚ ਦਿਖਾਇਆ ਗਿਆ ਹੈ। ਤਿੰਨੇ ਅਦਾਕਾਰ ਦੁਸ਼ਮਣਾਂ ਨਾਲ ਲੜਦੇ ਹੋਏ ਨਜ਼ਰ ਆਉਂਦੇ ਹਨ, ਜਦਕਿ ਪਿਛੋਕੜ ‘ਚ ਸੰਨੀ ਦਿਓਲ ਆਪਣੇ ਸਿਪਾਹੀਆਂ ਨੂੰ ਹੌਸਲਾ ਦੇਂਦੇ ਸੁਣਾਈ ਦਿੰਦੇ ਹਨ।
ਟੀਜ਼ਰ ਦਾ ਸਭ ਤੋਂ ਪ੍ਰਭਾਵਸ਼ਾਲੀ ਪਲ ਉਹ ਹੈ ਜਦੋਂ ਸੰਨੀ ਦਿਓਲ ਗੂੰਜਦਾਰ ਆਵਾਜ਼ ਵਿੱਚ ਪੁੱਛਦੇ ਹਨ,
“ਆਵਾਜ਼ ਕਿੰਨੀ ਦੂਰ ਤੱਕ ਜਾਣੀ ਚਾਹੀਦੀ ਹੈ?”
ਅਤੇ ਸਿਪਾਹੀ ਇਕਸੁਰ ‘ਚ ਜਵਾਬ ਦਿੰਦੇ ਹਨ,
“ਇੱਥੋਂ ਤੱਕ।”
ਇਹ ਡਾਇਲਾਗ ਸੁਣ ਕੇ ਦਰਸ਼ਕਾਂ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਟੀਜ਼ਰ ਵਿੱਚ ਇੱਕ ਦ੍ਰਿਸ਼ ਐਸਾ ਵੀ ਹੈ ਜਿੱਥੇ ਸੰਨੀ ਦਿਓਲ ਤੋਪ ਫੜ੍ਹ ਕੇ ਐਕਸ਼ਨ ਕਰਦੇ ਨਜ਼ਰ ਆਉਂਦੇ ਹਨ, ਜੋ ਪਹਿਲੀ ਬਾਰਡਰ ਫਿਲਮ ਦੀ ਯਾਦ ਤਾਜ਼ਾ ਕਰਵਾ ਦਿੰਦਾ ਹੈ।
ਅਨੁਰਾਗ ਸਿੰਘ ਦੇ ਨਿਰਦੇਸ਼ਨ ਹੇਠ ਬਣੀ ਬਾਰਡਰ 2 ਵਿੱਚ ਮੋਨਾ ਸਿੰਘ, ਸੋਨਮ ਬਾਜਵਾ ਅਤੇ ਮੇਧਾ ਰਾਣਾ ਵੀ ਮਹੱਤਵਪੂਰਨ ਭੂਮਿਕਾਵਾਂ ‘ਚ ਹਨ। ਫਿਲਮ ਦਾ ਨਿਰਮਾਣ ਜੇਪੀ ਦੱਤਾ ਕਰ ਰਹੇ ਹਨ, ਜਿਨ੍ਹਾਂ ਨੇ ਅਸਲ ਬਾਰਡਰ ਨੂੰ ਵੀ ਡਾਇਰੈਕਟ ਕੀਤਾ ਸੀ।
ਸ਼ਕਤੀਸ਼ਾਲੀ ਟੀਜ਼ਰ ਦੇਖਣ ਤੋਂ ਬਾਅਦ ਦਰਸ਼ਕਾਂ ਵਿੱਚ ਫਿਲਮ ਲਈ ਬੇਹੱਦ ਉਤਸ਼ਾਹ ਹੈ ਅਤੇ ਸਭ ਨੂੰ ਇਸਦੀ ਰਿਲੀਜ਼ ਦੀ ਬੇਸਬਰੀ ਨਾਲ ਉਡੀਕ ਹੈ। ਬਾਰਡਰ 2 23 ਜਨਵਰੀ, 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
Get all latest content delivered to your email a few times a month.