ਤਾਜਾ ਖਬਰਾਂ
ਗੁਰੂ ਨਗਰੀ ਅੰਮ੍ਰਿਤਸਰ ਦੇ ਖਜ਼ਾਨਾ ਗੇਟ ਇਲਾਕੇ ਵਿੱਚੋਂ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਘਿਨਾਉਣੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ 60 ਸਾਲਾ ਵਿਅਕਤੀ ਵੱਲੋਂ ਆਪਣੇ ਹੀ ਗੁਆਂਢ ਵਿੱਚ ਰਹਿਣ ਵਾਲੇ 11 ਸਾਲਾ ਮਾਸੂਮ ਬੱਚੇ ਨੂੰ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਭਾਰੀ ਰੋਸ ਅਤੇ ਸਹਿਮ ਦਾ ਮਾਹੌਲ ਹੈ।
ਪਤੰਗ ਲੈਣ ਗਏ ਬੱਚੇ ਨਾਲ ਕਮਰੇ ਵਿੱਚ ਕੀਤੀ ਬਦਫੈਲੀ
ਪੀੜਤ ਬੱਚੇ ਦੇ ਪਿਤਾ ਕਰਨ ਮਹਿਤਾ ਨੇ ਦੁਖੀ ਹਿਰਦੇ ਨਾਲ ਦੱਸਿਆ ਕਿ ਉਹ ਪਿਛਲੇ 40 ਸਾਲਾਂ ਤੋਂ ਇਸ ਇਲਾਕੇ ਦੇ ਵਸਨੀਕ ਹਨ। ਉਨ੍ਹਾਂ ਦਾ ਪੁੱਤਰ ਗਲੀ ਵਿੱਚ ਖੇਡ ਰਿਹਾ ਸੀ ਕਿ ਅਚਾਨਕ ਉਸਦੀ ਪਤੰਗ (ਗੁੱਡੀ) ਗੁਆਂਢੀ ਦੀ ਛੱਤ 'ਤੇ ਜਾ ਡਿੱਗੀ। ਜਦੋਂ ਬੱਚਾ ਪਤੰਗ ਚੁੱਕਣ ਲਈ ਉੱਪਰ ਗਿਆ, ਤਾਂ ਉੱਥੇ ਮੌਜੂਦ 60 ਸਾਲਾ ਤਿਲਕ ਰਾਜ ਨੇ ਮੌਕਾ ਪਾ ਕੇ ਮਾਸੂਮ ਨੂੰ ਦਬੋਚ ਲਿਆ ਅਤੇ ਕਮਰੇ ਦੇ ਅੰਦਰ ਲਿਜਾ ਕੇ ਉਸ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਡਰ ਕਾਰਨ ਬੱਚਾ ਰਿਹਾ ਚੁੱਪ, ਪਰਿਵਾਰ ਦੇ ਸਾਹਮਣੇ ਖੁੱਲ੍ਹਿਆ ਰਾਜ਼
ਪਰਿਵਾਰ ਦਾ ਦੋਸ਼ ਹੈ ਕਿ ਮੁਲਜ਼ਮ ਤਿਲਕ ਰਾਜ ਪਿਛਲੇ ਕਾਫ਼ੀ ਸਮੇਂ ਤੋਂ ਬੱਚੇ ਨੂੰ ਨਿਸ਼ਾਨਾ ਬਣਾਉਣ ਦੀ ਫਿਰਾਕ ਵਿੱਚ ਸੀ। ਉਹ ਬੱਚੇ ਨੂੰ ਡਰਾਉਂਦਾ ਸੀ ਕਿ ਜੇਕਰ ਉਸਨੇ ਕਿਸੇ ਨੂੰ ਕੁਝ ਦੱਸਿਆ ਤਾਂ ਉਹ ਉਸਨੂੰ ਜਾਂ ਉਸਦੇ ਪਰਿਵਾਰ ਨੂੰ ਮਾਰ ਦੇਵੇਗਾ। ਮਾਸੂਮ ਬੱਚਾ ਇਸੇ ਖ਼ੌਫ਼ ਕਾਰਨ ਘਰ ਆ ਕੇ ਰੋਣ ਲੱਗ ਜਾਂਦਾ ਸੀ ਪਰ ਕੁਝ ਬੋਲ ਨਹੀਂ ਪਾ ਰਿਹਾ ਸੀ। ਆਖਿਰਕਾਰ ਹਿੰਮਤ ਜੁਟਾ ਕੇ ਬੱਚੇ ਨੇ ਆਪਣੀ ਹੱਡਬੀਤੀ ਮਾਪਿਆਂ ਨੂੰ ਸੁਣਾਈ, ਜਿਸ ਤੋਂ ਬਾਅਦ ਪਰਿਵਾਰ ਨੇ ਤੁਰੰਤ ਥਾਣੇ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ।
ਇਲਾਕਾ ਨਿਵਾਸੀਆਂ ਦਾ ਗੁੱਸਾ: ਧਰਨੇ ਦੀ ਦਿੱਤੀ ਚੇਤਾਵਨੀ
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਲਾਕਾ ਨਿਵਾਸੀਆਂ ਨੇ ਪੀੜਤ ਪਰਿਵਾਰ ਦਾ ਸਾਥ ਦਿੱਤਾ ਹੈ। ਪਰਿਵਾਰਕ ਮੈਂਬਰਾਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਜੇਕਰ ਪੁਲਿਸ ਨੇ ਦੋਸ਼ੀ ਤਿਲਕ ਰਾਜ ਨੂੰ ਤੁਰੰਤ ਗ੍ਰਿਫ਼ਤਾਰ ਨਾ ਕੀਤਾ ਅਤੇ ਸਖ਼ਤ ਕਾਰਵਾਈ ਨਾ ਕੀਤੀ, ਤਾਂ ਉਹ ਸਮੂਹ ਇਲਾਕਾ ਨਿਵਾਸੀਆਂ ਨੂੰ ਨਾਲ ਲੈ ਕੇ ਸੜਕਾਂ 'ਤੇ ਉਤਰਨਗੇ ਅਤੇ ਵੱਡਾ ਰੋਸ ਪ੍ਰਦਰਸ਼ਨ ਕਰਨਗੇ।
ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਮਾਸੂਮ ਬੱਚੇ ਦੇ ਬਿਆਨਾਂ ਅਤੇ ਮਾਪਿਆਂ ਦੀ ਸ਼ਿਕਾਇਤ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਾਨੂੰਨ ਅਨੁਸਾਰ ਮੁਲਜ਼ਮ ਵਿਰੁੱਧ ਬਣਦੀਆਂ ਸਖ਼ਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ।
Get all latest content delivered to your email a few times a month.