ਤਾਜਾ ਖਬਰਾਂ
ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸ਼ਾਂਤੀਪੂਰਵਕ ਸੰਪੰਨ ਹੋਣ ’ਤੇ ਪੰਜਾਬ ਦੇ ਵੋਟਰਾਂ, ਪ੍ਰਸ਼ਾਸਨ ਅਤੇ ਸੁਰੱਖਿਆ ਬਲਾਂ ਦਾ ਧੰਨਵਾਦ ਕੀਤਾ। ਅੰਮ੍ਰਿਤਸਰ-ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਭਬੀਰ ਸਿੰਘ ਬਰਾੜ ਦੇ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ 14 ਤਾਰੀਖ਼ ਨੂੰ ਹੋਈਆਂ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨੇ ਅਮਨ-ਚੈਨ ਅਤੇ ਲੋਕਤੰਤਰਿਕ ਤਰੀਕੇ ਨਾਲ ਵੋਟਾਂ ਪਾ ਕੇ ਵਿਰੋਧੀ ਪਾਰਟੀਆਂ ਵੱਲੋਂ ਫੈਲਾਏ ਜਾ ਰਹੇ ਗ਼ਲਤ ਪ੍ਰਚਾਰ ਨੂੰ ਖ਼ਾਰਜ ਕਰ ਦਿੱਤਾ ਹੈ।
ਧਾਲੀਵਾਲ ਨੇ ਕਿਹਾ ਕਿ ਵਿਰੋਧੀਆਂ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਸਨ ਕਿ ਚੋਣ ਪ੍ਰਕਿਰਿਆ ਦੌਰਾਨ ਅਨਿਯਮਿਤਤਾਵਾਂ ਹੋ ਰਹੀਆਂ ਹਨ ਅਤੇ ਬੈਲਟ ਪੇਪਰ ਲੁੱਟੇ ਜਾ ਰਹੇ ਹਨ, ਪਰ ਹਕੀਕਤ ਇਹ ਹੈ ਕਿ ਪੰਜਾਬ ਦੇ ਸਾਢੇ ਬਾਰਾਂ ਹਜ਼ਾਰ ਪਿੰਡਾਂ ਵਿੱਚੋਂ ਕੁਝ ਇਕੱਲੀਆਂ ਘਟਨਾਵਾਂ ਨੂੰ ਛੱਡ ਕੇ ਬਾਕੀ ਸਾਰੇ ਸੂਬੇ ਵਿੱਚ ਚੋਣਾਂ ਪੂਰੀ ਤਰ੍ਹਾਂ ਸ਼ਾਂਤਮਈ ਰਹੀਆਂ।
ਇਸ ਮੌਕੇ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਚਾਨਕ ਤਾਰੀਫ਼ ਕਰਨ ’ਤੇ ਟਿੱਪਣੀ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਇਹ ਬਿਆਨ ਭਾਜਪਾ ਵਿੱਚ ਸ਼ਾਮਲ ਹੋਣ ਲਈ ਜ਼ਮੀਨ ਤਿਆਰ ਕਰਨ ਦੀ ਕੋਸ਼ਿਸ਼ ਲੱਗਦਾ ਹੈ। ਉਨ੍ਹਾਂ ਕਿਹਾ ਕਿ ਰੰਧਾਵਾ ਦੇ ਤਾਜ਼ਾ ਬਿਆਨ ਕਈ ਸਵਾਲ ਖੜ੍ਹੇ ਕਰਦੇ ਹਨ, ਕਿਉਂਕਿ 2021 ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਸਮੇਂ ਸਭ ਤੋਂ ਤੇਜ਼ ਆਵਾਜ਼ਾਂ ਵਿੱਚੋਂ ਇੱਕ ਸੁਖਜਿੰਦਰ ਰੰਧਾਵਾ ਦੀ ਹੀ ਸੀ।
ਧਾਲੀਵਾਲ ਨੇ ਯਾਦ ਦਿਵਾਇਆ ਕਿ ਉਸ ਸਮੇਂ ਰੰਧਾਵਾ ਵੱਲੋਂ ਕੈਪਟਨ ’ਤੇ ਨਸ਼ਿਆਂ ਦੇ ਮਸਲੇ ਅਤੇ ਘਰ-ਘਰ ਨੌਕਰੀ ਦੇ ਵਾਅਦੇ ਪੂਰੇ ਨਾ ਕਰਨ ਵਰਗੇ ਗੰਭੀਰ ਦੋਸ਼ ਲਗਾਏ ਗਏ ਸਨ। ਉਨ੍ਹਾਂ ਸਵਾਲ ਕੀਤਾ ਕਿ ਹੁਣ ਲੋਕਾਂ ਨੂੰ ਦੱਸਿਆ ਜਾਵੇ ਕਿ ਕੈਪਟਨ ਉਸ ਵੇਲੇ ਗ਼ਲਤ ਸਨ ਜਾਂ ਅੱਜ ਠੀਕ ਹੋ ਗਏ ਹਨ? ਧਾਲੀਵਾਲ ਨੇ ਦੋਸ਼ ਲਗਾਇਆ ਕਿ ਇਹ ਸਾਰਾ ਮਾਮਲਾ ਮੌਕਾਪ੍ਰਸਤੀ ਅਤੇ ਸੱਤਾ ਨਾਲ ਜੁੜੇ ਰਹਿਣ ਦੀ ਰਾਜਨੀਤੀ ਨੂੰ ਦਰਸਾਉਂਦਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਸੁਖਜਿੰਦਰ ਰੰਧਾਵਾ ਦੇ ਹਾਲੀਆ ਬਿਆਨਾਂ ਤੋਂ ਸਾਫ਼ ਹੈ ਕਿ ਉਹ ਕਾਂਗਰਸ ਤੋਂ ਦੂਰੀ ਬਣਾ ਕੇ ਭਾਜਪਾ ਨਾਲ ਨੇੜਤਾ ਵਧਾਉਣਾ ਚਾਹੁੰਦੇ ਹਨ। ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਅਜਿਹੇ ਮੌਕਾਪ੍ਰਸਤ ਆਗੂਆਂ ਨੂੰ ਬਖ਼ੂਬੀ ਪਛਾਣਦੇ ਹਨ ਅਤੇ ਜਿਵੇਂ 2022 ਵਿੱਚ ਕਾਂਗਰਸ ਨੂੰ ਨਕਾਰਿਆ ਗਿਆ ਸੀ, ਆਉਣ ਵਾਲੇ ਸਮੇਂ ਵਿੱਚ ਵੀ ਅਜਿਹੀ ਰਾਜਨੀਤੀ ਨੂੰ ਲੋਕਾਂ ਦਾ ਸਹਾਰਾ ਨਹੀਂ ਮਿਲੇਗਾ।
Get all latest content delivered to your email a few times a month.