ਤਾਜਾ ਖਬਰਾਂ
ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਸਥਿਤ ਮਸ਼ਹੂਰ ਬਾਂਡੀ ਬੀਚ ‘ਤੇ ਹਨੂਕਾਹ ਤਿਉਹਾਰ ਮਨਾਉਂਦੇ ਸਮੇਂ ਗੋਲੀਬਾਰੀ ਦੀ ਭਿਆਨਕ ਘਟਨਾ ਸਾਹਮਣੇ ਆਈ ਹੈ। ਸੋਮਵਾਰ ਸ਼ਾਮ ਨੂੰ ਹੋਏ ਇਸ ਹਮਲੇ ਦੌਰਾਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋਏ ਹਨ। ਇਸ ਸਮਾਗਮ ਵਿੱਚ ਤਿਉਹਾਰ ਮਨਾਉਣ ਲਈ 2000 ਤੋਂ ਵੱਧ ਲੋਕ ਇਕੱਠੇ ਹੋਏ ਹੋਏ ਸਨ।
ਅਚਾਨਕ ਹੋਈ ਗੋਲੀਬਾਰੀ ਕਾਰਨ ਇਲਾਕੇ ਵਿੱਚ ਹਫੜਾ ਦਫੜੀ ਮਚ ਗਈ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗ ਪਏ। ਪੁਲਿਸ ਨੇ ਤੁਰੰਤ ਮੋਰਚਾ ਸੰਭਾਲਦੇ ਹੋਏ ਲੋਕਾਂ ਨੂੰ ਬੀਚ ਖੇਤਰ ਖਾਲੀ ਕਰਨ ਦੀ ਅਪੀਲ ਕੀਤੀ ਅਤੇ ਇਲਾਕੇ ਨੂੰ ਸੀਲ ਕਰ ਦਿੱਤਾ।
ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੋ ਹਮਲਾਵਰ ਕਾਲੇ ਕੱਪੜਿਆਂ ਵਿੱਚ ਰਾਈਫਲਾਂ ਨਾਲ ਲੈਸ ਨਜ਼ਰ ਆ ਰਹੇ ਹਨ। ਵੀਡੀਓ ਮੁਤਾਬਕ, ਇਹ ਹਮਲਾਵਰ ਇੱਕ ਉੱਚੀ ਇਮਾਰਤ ਤੋਂ ਆਮ ਲੋਕਾਂ ‘ਤੇ ਗੋਲੀਆਂ ਚਲਾ ਰਹੇ ਸਨ, ਜਿਸ ਨਾਲ ਮੌਕੇ ‘ਤੇ ਮੌਜੂਦ ਲੋਕਾਂ ਵਿੱਚ ਭਾਰੀ ਦਹਿਸ਼ਤ ਫੈਲ ਗਈ।
ਰਾਇਟਰਜ਼ ਦੀ ਰਿਪੋਰਟ ਅਨੁਸਾਰ, ਨਿਊ ਸਾਊਥ ਵੇਲਜ਼ ਐਂਬੂਲੈਂਸ ਸੇਵਾ ਨੂੰ ਸ਼ਾਮ ਕਰੀਬ 6:45 ਵਜੇ ਬਾਂਡੀ ਬੀਚ ‘ਤੇ ਕਈ ਲੋਕਾਂ ਨੂੰ ਗੋਲੀ ਲੱਗਣ ਬਾਰੇ ਸੂਚਨਾ ਮਿਲੀ। ਐਂਬੂਲੈਂਸ ਕਰਮਚਾਰੀਆਂ ਨੇ ਦੱਸਿਆ ਕਿ ਕਈ ਜ਼ਖ਼ਮੀਆਂ ਨੂੰ ਮੌਕੇ ‘ਤੇ ਹੀ ਮੁੱਢਲੀ ਸਹਾਇਤਾ ਦਿੱਤੀ ਗਈ, ਜਦਕਿ ਗੰਭੀਰ ਹਾਲਤ ਵਾਲਿਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ।
ਇਸ ਹਮਲੇ ‘ਤੇ ਇਜ਼ਰਾਈਲ ਦੇ ਰਾਸ਼ਟਰਪਤੀ ਇਸਹਾਕ ਹਰਜ਼ੋਗ ਨੇ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਇਸਨੂੰ ਯਹੂਦੀ ਭਾਈਚਾਰੇ ਖ਼ਿਲਾਫ਼ ਅੱਤਵਾਦੀ ਹਮਲਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਬਾਂਡੀ ਬੀਚ ‘ਤੇ ਹਨੂਕਾਹ ਦੀ ਪਹਿਲੀ ਮੋਮਬੱਤੀ ਜਗਾ ਰਹੇ ਲੋਕਾਂ ‘ਤੇ ਕੀਤਾ ਗਿਆ ਇਹ ਹਮਲਾ ਬੇਹੱਦ ਨਿਰਦਈ ਅਤੇ ਦਰਦਨਾਕ ਹੈ। ਉਨ੍ਹਾਂ ਨੇ ਮ੍ਰਿਤਕਾਂ ਲਈ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਜ਼ਖ਼ਮੀਆਂ ਦੀ ਜਲਦੀ ਸਿਹਤਯਾਬੀ ਲਈ ਦੁਆ ਕੀਤੀ।
Get all latest content delivered to your email a few times a month.