ਤਾਜਾ ਖਬਰਾਂ
ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਵੋਟਿੰਗ ਦੇ ਦਿਨ ਮੋਗਾ ਜ਼ਿਲ੍ਹੇ ਤੋਂ ਇੱਕ ਦਿਲ ਦਹਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਸਵੇਰ ਦੇ ਸਮੇਂ ਘਣੀ ਧੁੰਦ ਕਾਰਨ ਇੱਕ ਅਧਿਆਪਕ ਜੋੜੇ ਦੀ ਕਾਰ ਹਾਦਸਾਗ੍ਰਸਤ ਹੋ ਕੇ ਸੂਏ ਵਿੱਚ ਡਿੱਗ ਗਈ, ਜਿਸ ਨਾਲ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਟੇ ਵਿੱਚ ਅੰਗਰੇਜ਼ੀ ਵਿਸ਼ੇ ਦੇ ਅਧਿਆਪਕ ਜਸਕਰਨ ਸਿੰਘ ਭੁੱਲਰ ਅਤੇ ਉਨ੍ਹਾਂ ਦੀ ਪਤਨੀ ਕਮਲਜੀਤ ਕੌਰ ਵਜੋਂ ਹੋਈ ਹੈ। ਕਮਲਜੀਤ ਕੌਰ ਮਾਨਸਾ ਦੀ ਰਹਿਣ ਵਾਲੀ ਸੀ। ਦੋਵੇਂ ਪਤੀ-ਪਤਨੀ ਸਵੇਰੇ ਚੋਣ ਡਿਊਟੀ ਨਿਭਾਉਣ ਲਈ ਆਪਣੀ ਕਾਰ ਵਿੱਚ ਘਰੋਂ ਨਿਕਲੇ ਸਨ।
ਜਾਣਕਾਰੀ ਮੁਤਾਬਕ ਮੋਗਾ ਦੇ ਬਾਘਾਪੁਰਾਣਾ ਇਲਾਕੇ ਅਧੀਨ ਪੈਂਦੇ ਪਿੰਡ ਸੰਗਤਪੁਰਾ ਨੇੜੇ ਘਣੀ ਧੁੰਦ ਕਾਰਨ ਦ੍ਰਿਸ਼ਟਤਾ ਬਹੁਤ ਘੱਟ ਸੀ, ਜਿਸ ਕਾਰਨ ਡਰਾਈਵਰ ਨੂੰ ਸੜਕ ਦਾ ਅੰਦਾਜ਼ਾ ਨਾ ਰਹਿ ਸਕਿਆ ਅਤੇ ਕਾਰ ਸਿੱਧੀ ਸੂਏ ਵਿੱਚ ਜਾ ਡਿੱਗੀ। ਉਸ ਵੇਲੇ ਜਸਕਰਨ ਸਿੰਘ ਭੁੱਲਰ ਆਪਣੀ ਪਤਨੀ ਨੂੰ ਮਾੜੀ ਮੁਸਤਫਾ ਵਿਖੇ ਲੱਗੀ ਚੋਣ ਡਿਊਟੀ ਲਈ ਛੱਡਣ ਜਾ ਰਹੇ ਸਨ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਅੱਜ 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਵੋਟਿੰਗ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ ਚੱਲੇਗੀ। ਇਹ ਚੋਣਾਂ ਬੈਲਟ ਪੇਪਰ ਰਾਹੀਂ ਕਰਵਾਈਆਂ ਜਾ ਰਹੀਆਂ ਹਨ ਅਤੇ ਚੋਣ ਨਤੀਜੇ 17 ਦਸੰਬਰ ਨੂੰ ਐਲਾਨੇ ਜਾਣਗੇ।
Get all latest content delivered to your email a few times a month.