ਤਾਜਾ ਖਬਰਾਂ
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਖੁਫੀਆ ਸੁਚਨਾ ਦੇ ਆਧਾਰ 'ਤੇ ਵੱਡੀ ਕਾਰਵਾਈ ਕਰਦਿਆਂ ਸਰਹੱਦ ਪਾਰੋਂ ਹੋ ਰਹੀ ਹਥਿਆਰ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਗੈਰ-ਕਾਨੂੰਨੀ ਅਸਲੇ ਦੇ ਵਪਾਰ ਵਿੱਚ ਲਿਪਤ ਅਕਾਸ਼ਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ ਵਿੱਚੋਂ ਇੱਕ ਵਿਦੇਸ਼ੀ ਪਿਸਤੌਲ, ਜ਼ਿੰਦਾ ਰੌਂਦ, ਮੋਬਾਈਲ ਫੋਨ ਅਤੇ ਮੋਟਰਸਾਈਕਲ ਬਰਾਮਦ ਕੀਤੀ। ਪੁਲਿਸ ਅਧਿਕਾਰੀਆਂ ਮੁਤਾਬਕ ਇਹ ਮਾਡਿਊਲ ਸਰਹੱਦ ਪਾਰ ਪਾਕਿਸਤਾਨੀ ਸਮੱਗਲਰਾਂ ਦੀ ਸਹਾਇਤਾ ਨਾਲ ਕੰਮ ਕਰਦਾ ਸੀ।
ਸੀਨੀਅਰ ਕਪਤਾਨ ਪੁਲਿਸ ਸੁਹੇਲ ਮੀਰ ਦੀ ਅਗਵਾਈ ਹੇਠ ਸਪੈਸ਼ਲ ਸੈੱਲ ਨੇ ਹੋਰ ਅੱਗੇ ਕਾਰਵਾਈ ਕਰਦਿਆਂ ਅਕਾਸ਼ਦੀਪ ਸਿੰਘ ਤੋਂ ਕੁੱਲ 04 ਪਿਸਤੌਲ (3 ਪਿਸਤੌਲ .30 ਬੋਰ ਅਤੇ 1 ਪਿਸਤੌਲ 9MM) ਅਤੇ 06 ਜ਼ਿੰਦੇ ਰੌਂਦ ਬਰਾਮਦ ਕੀਤੇ। ਤਫ਼ਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਅਕਾਸ਼ਦੀਪ ਸਿੰਘ ਅਤੇ ਉਸਦਾ ਸਾਥੀ ਸੁੱਖਾ ਸਿੰਘ ਪਾਕਿਸਤਾਨੀ ਤਸਕਰਾਂ ਨਾਲ ਸਿੱਧੇ ਸੰਪਰਕ ਵਿੱਚ ਸਨ ਅਤੇ ਡਰੋਨ ਰਾਹੀਂ ਆ ਰਹੀਆਂ ਹਥਿਆਰਾਂ ਦੀਆਂ ਖੇਪਾਂ ਨੂੰ ਪੰਜਾਬ ਵਿਚਲੇ ਗੈਂਗਸਟਰਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾਉਂਦੇ ਸਨ।
ਪੁਲਿਸ ਨੇ ਅਕਾਸ਼ਦੀਪ ਸਿੰਘ ਅਤੇ ਸੁੱਖਾ ਸਿੰਘ ਖ਼ਿਲਾਫ਼ ਥਾਣਾ ਘਰਿੰਡਾ ਵਿੱਚ ਮੁਕੱਦਮਾ ਨੰਬਰ 405, ਮਿਤੀ 10.12.2025 ਅਧੀਨ ਧਾਰਾ 25(8) ਅਸਲਾ ਐਕਟ ਅਤੇ 61(2) BNS ਤਹਿਤ ਦਰਜ ਕਰਕੇ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਹਥਿਆਰ ਪੰਜਾਬ ਦੀ ਅਮਨ-ਸ਼ਾਂਤੀ ਭੰਗ ਕਰਨ ਦੇ ਨਿਆਰੇ ਉਦੇਸ਼ ਨਾਲ ਮੰਗਵਾਏ ਗਏ ਸਨ। ਨਾਮਜ਼ਦ ਮੁਲਜ਼ਮ ਸੁੱਖਾ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ ਅਤੇ ਉਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
Get all latest content delivered to your email a few times a month.