ਤਾਜਾ ਖਬਰਾਂ
ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਮੰਜੀ ਸਾਹਿਬ ਨੌਵੀਂ ਪਾਤਸ਼ਾਹੀ, ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਨਾਲ ਨਿਹਾਲ ਪਿੰਡ ਜਖਵਾਲੀ ਵਿੱਚ ਕੌਮੀ ਇੱਕਤਾ ਦੀ ਸ਼ਾਨਦਾਰ ਮਿਸਾਲ ਸਾਹਮਣੇ ਆਈ ਹੈ। ਇਥੇ ਮਰਹੂਮ ਜਰਨੈਲ ਸਿੰਘ ਦੀ ਪਤਨੀ ਮਾਤਾ ਰਾਜਿੰਦਰ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਨੇ ਪਿੰਡ ਵਿੱਚ ਵਸਦੇ ਮੁਸਲਿਮ ਭਾਈਚਾਰੇ ਦੀ ਨਮਾਜ਼ ਅਦਾ ਕਰਨ ਵਿੱਚ ਆ ਰਹੀ ਕਮੀ ਨੂੰ ਸਮਝਦੇ ਹੋਏ ਆਪਣੀ 5 ਮਰਲੇ ਕੀਮਤੀ ਜ਼ਮੀਨ ਮਸਜਿਦ ਦੇ ਨਿਰਮਾਣ ਲਈ ਦਾਨ ਕੀਤੀ ਹੈ।
ਮਸਜਿਦ ਦੇ ਨੀਹ ਪੱਥਰ ਰੱਖਣ ਲਈ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਖਾਸ ਤੌਰ 'ਤੇ ਪਹੁੰਚੇ। ਉਨ੍ਹਾਂ ਨੇ ਮੌਕੇ 'ਤੇ ਕਿਹਾ ਕਿ ਪੰਜਾਬ ਦੀ ਧਰਤੀ ਹਮੇਸ਼ਾ ਤੋਂ ਭਾਈਚਾਰੇ, ਪਿਆਰ ਤੇ ਭਰਾਤ੍ਰਤਾ ਦੀ ਪ੍ਰੇਰਣਾ ਦੇਣ ਵਾਲੀ ਰਹੀ ਹੈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਲੋਕ ਹਰ ਧਰਮ ਦਾ ਸਤਿਕਾਰ ਕਰਦੇ ਹਨ ਅਤੇ ਨਫਰਤ ਦੀ ਬਜਾਏ ਮੁਹੱਬਤ ਨੂੰ ਤਰਜੀਹ ਦਿੰਦੇ ਆਏ ਹਨ।
ਮਾਤਾ ਰਾਜਿੰਦਰ ਕੌਰ ਦੇ ਪਰਿਵਾਰ ਨੇ ਕਿਹਾ ਕਿ ਇਹ ਜ਼ਮੀਨ ਉਨ੍ਹਾਂ ਨੇ ਮਿਹਨਤ ਨਾਲ ਖਰੀਦੀ ਸੀ ਪਰ ਪਿੰਡ ਦੇ ਮੁਸਲਿਮ ਪਰਿਵਾਰਾਂ ਨਾਲ ਉਨ੍ਹਾਂ ਦੇ ਨੇੜਲੇ ਰਿਸ਼ਤਿਆਂ ਅਤੇ ਉਨ੍ਹਾਂ ਦੀਆਂ ਧਾਰਮਿਕ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਜ਼ਮੀਨ ਦਾਨ ਕਰਨੀ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ।
ਪਿੰਡ ਦੇ ਸਾਬਕਾ ਸਰਪੰਚ ਅਜੈਬ ਸਿੰਘ ਜਗਵਾਲੀ ਨੇ ਦੱਸਿਆ ਕਿ ਇੱਥੋਂ ਦਾ ਮੁਸਲਿਮ ਭਾਈਚਾਰਾ ਹਿੰਦੂ–ਸਿੱਖ ਪਰਿਵਾਰਾਂ ਦੇ ਹਰ ਤਿਉਹਾਰ ਅਤੇ ਹਰ ਸਾਂਝੇ ਸਮਾਜਕ ਉਪਰਾਲੇ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦਾ ਹੈ ਅਤੇ ਹਰ ਸੰਭਵ ਮਦਦ ਕਰਦਾ ਹੈ। ਮਸਜਿਦ ਲਈ ਦਿੱਤੀ ਗਈ ਜ਼ਮੀਨ ਨੇ ਦੋਹਾਂ ਭਾਈਚਾਰਿਆਂ ਦੀ ਨਜ਼ਦੀਕੀ ਨੂੰ ਹੋਰ ਮਜ਼ਬੂਤ ਕੀਤਾ ਹੈ ਤੇ ਪਿੰਡ ਵਿੱਚ ਮਿਲਜੁਲ, ਭਰੋਸੇ ਅਤੇ ਪ੍ਰੇਮ ਦੀ ਨਵੀਂ ਮਿਸਾਲ ਕਾਇਮ ਕੀਤੀ ਹੈ।
Get all latest content delivered to your email a few times a month.