ਤਾਜਾ ਖਬਰਾਂ
ਭਾਰਤ ਨੇ ਵਿਸ਼ਾਖਾਪੱਟਨਮ ਵਿੱਚ ਖੇਡੇ ਗਏ ਤੀਜੇ ਵਨਡੇ ਵਿੱਚ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ। ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨਾ ਟੀਮ ਇੰਡੀਆ ਲਈ ਫਾਇਦੇਮੰਦ ਸਾਬਤ ਹੋਇਆ। ਦੱਖਣੀ ਅਫਰੀਕਾ ਦੀ ਟੀਮ 270 ਦੌੜਾਂ 'ਤੇ ਹੀ ਰੁਕ ਗਈ। ਜਵਾਬ ਵਿੱਚ ਭਾਰਤ ਨੇ ਸਿਰਫ ਇੱਕ ਵਿਕਟ ਗੁਆ ਕੇ 40ਵੇਂ ਓਵਰ ਵਿੱਚ ਹੀ ਟੀਚਾ ਪੂਰਾ ਕਰ ਦਿੱਤਾ। ਜਸਸਵੀ ਜਾਇਸਵਾਲ ਨੇ ਸ਼ਾਨਦਾਰ 116 ਦੌੜਾਂ ਦੀ ਪਾਰੀ ਖੇਡੀ, ਜਦਕਿ ਰੋਹਿਤ ਸ਼ਰਮਾ (75) ਅਤੇ ਵਿਰਾਟ ਕੋਹਲੀ (65) ਨੇ ਮਹੱਤਵਪੂਰਨ ਯੋਗਦਾਨ ਦਿੱਤੇ।
ਡਾ. ਵਾਈ.ਐਸ. ਰਾਜਸ਼ੇਖਰ ਰੈਡੀ ਸਟੇਡੀਅਮ ਵਿੱਚ ਦੱਖਣੀ ਅਫਰੀਕਾ ਵੱਲੋਂ ਕੁਇੰਟਨ ਡੀ ਕੌਕ ਨੇ ਧਾਕੜ ਸੈਂਕੜਾ ਜੜਿਆ। ਕਪਤਾਨ ਤੇਂਬਾ ਬਾਵੁਮਾ ਨੇ 48, ਡੇਵਾਲਡ ਬ੍ਰੇਵਿਸ ਨੇ 29 ਅਤੇ ਮੈਥਿਊ ਬ੍ਰਿਟਜ਼ਕੀ ਨੇ 24 ਦੌੜਾਂ ਜੋੜੀਆਂ। ਭਾਰਤੀ ਗੇਂਦਬਾਜ਼ਾਂ ਨੇ ਕਾਬਲੇ-ਤਾਰੀਫ਼ ਪ੍ਰਦਰਸ਼ਨ ਕੀਤਾ, ਜਿਸ 'ਚ ਕੁਲਦੀਪ ਯਾਦਵ ਅਤੇ ਪ੍ਰਸਿਧ ਕ੍ਰਿਸ਼ਨਾ ਨੇ ਚਾਰ-ਚਾਰ ਵਿਕਟਾਂ ਲਈਆਂ ਅਤੇ ਅਫਰੀਕੀ ਬੱਲੇਬਾਜ਼ੀ ਨੂੰ ਰੋਕਿਆ।
ਦੱਖਣੀ ਅਫਰੀਕਾ ਲਈ ਕੇਸ਼ਵ ਮਹਾਰਾਜ ਇੱਕੋ ਬੱਲੇਬਾਜ਼ ਨੂੰ ਆਉਟ ਕਰਨ ਵਿੱਚ ਕਾਮਯਾਬ ਰਹੇ, ਪਰ ਭਾਰਤੀ ਬੱਲੇਬਾਜ਼ੀ ਨੇ ਮੈਚ ਨੂੰ ਇੱਕ ਪੱਖੀ ਬਣਾ ਦਿੱਤਾ। ਸੀਰੀਜ਼ ਦੇ ਇਸ ਨਤੀਜੇ ਨਾਲ ਭਾਰਤ ਨੇ ਵਨਡੇ ਲੜੀ 2-1 ਨਾਲ ਜਿੱਤੀ। ਦੱਖਣੀ ਅਫਰੀਕਾ ਨੇ ਦੂਜੇ ਮੈਚ ਵਿੱਚ 359 ਦੌੜਾਂ ਦਾ ਵੱਡਾ ਟੀਚਾ ਪਾਰ ਕਰਕੇ ਮਜ਼ਬੂਤ ਵਾਪਸੀ ਕੀਤੀ ਸੀ। ਹੁਣ ਦੋਹਾਂ ਟੀਮਾਂ ਵਿਚਕਾਰ ਪੰਜ ਮੈਚਾਂ ਦੀ ਟੀ–20 ਲੜੀ 9 ਦਸੰਬਰ ਤੋਂ ਸ਼ੁਰੂ ਹੋਵੇਗੀ, ਜਦਕਿ ਟੈਸਟ ਸੀਰੀਜ਼ ਅਫਰੀਕਾ ਪਹਿਲਾਂ ਹੀ 2-0 ਨਾਲ ਜਿੱਤ ਚੁੱਕੀ ਹੈ।
ਰੋਹਿਤ ਸ਼ਰਮਾ ਨੇ ਇਸ ਮੈਚ ਦੌਰਾਨ ਇਕ ਵੱਡੀ ਨਿੱਜੀ ਉਪਲਬਧੀ ਹਾਸਲ ਕੀਤੀ। ਉਹ ਅੰਤਰਰਾਸ਼ਟਰੀ ਕ੍ਰਿਕਟ ਵਿੱਚ 20,000 ਦੌੜਾਂ ਪੂਰੀਆਂ ਕਰਨ ਵਾਲਾ ਚੌਥਾ ਭਾਰਤੀ ਖਿਡਾਰੀ ਬਣ ਗਿਆ ਹੈ। ਉਸ ਤੋਂ ਪਹਿਲਾਂ ਸਚਿਨ ਤੇਂਦੁਲਕਰ, ਵਿਰਾਟ ਕੋਹਲੀ ਅਤੇ ਰਾਹੁਲ ਦ੍ਰਾਵਿੜ ਇਹ ਕਾਰਨਾਮਾ ਕਰ ਚੁੱਕੇ ਹਨ। ਰੋਹਿਤ ਦੀ ਇਹ ਪ੍ਰਾਪਤੀ ਭਾਰਤੀ ਕ੍ਰਿਕਟ ਇਤਿਹਾਸ ਵਿੱਚ ਇੱਕ ਹੋਰ ਮਹੱਤਵਪੂਰਨ ਮੋੜ ਵਜੋਂ ਦਰਜ ਹੋ ਗਈ ਹੈ।
Get all latest content delivered to your email a few times a month.