ਤਾਜਾ ਖਬਰਾਂ
ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਘਰ ਖੁਸ਼ੀਆਂ ਨੇ ਇਕ ਵਾਰ ਫਿਰ ਦਸਤਕ ਦਿੱਤੀ ਹੈ। 30 ਸਾਲਾ ਡ੍ਰੈਗ ਫਲਿਕ ਸਪੈਸ਼ਲਿਸਟ ਨੇ ਇਸ ਹਫ਼ਤੇ ਆਪਣੀ ਦੂਜੀ ਧੀ ਦੇ ਜਨਮ ਦੀ ਖੁਸ਼ਖਬਰੀ ਸਾਂਝੀ ਕੀਤੀ। ਸੋਸ਼ਲ ਮੀਡੀਆ ‘ਤੇ ਕੀਤੀ ਪੋਸਟ ਵਿੱਚ ਉਨ੍ਹਾਂ ਨੇ ਆਪਣੀ ਨਵਜਾਤ ਬੇਟੀ ਨੂੰ “ਦੂਜੀ ਛੋਟੀ ਰਾਜਕੁਮਾਰੀ” ਕਹਿੰਦੇ ਹੋਏ ਪਰਿਵਾਰ ਲਈ ਇਸ ਪਲ ਨੂੰ ਦੁੱਗਣੀ ਖੁਸ਼ੀ ਅਤੇ ਪਿਆਰ ਦਾ ਤੋਹਫ਼ਾ ਦੱਸਿਆ।
ਹਰਮਨਪ੍ਰੀਤ ਇਸ ਸਮੇਂ ਆਪਣੇ ਪਰਿਵਾਰ ਨਾਲ ਰਹਿਣ ਲਈ ਟੀਮ ਤੋਂ ਛੁੱਟੀ ‘ਤੇ ਸਨ, ਜਿਸ ਕਾਰਨ ਉਹ ਪੁਰਸ਼ਾਂ ਦੀ FIH ਪ੍ਰੋ ਲੀਗ 2025-26 ਦੇ ਹੋਬਾਰਟ ਪੜਾਅ ਵਿੱਚ ਨਹੀਂ ਖੇਡੇ। ਟੀਮ ਪ੍ਰਬੰਧਨ ਨੂੰ ਪਹਿਲਾਂ ਹੀ ਜਾਣਕਾਰੀ ਦੇ ਕੇ ਉਨ੍ਹਾਂ ਨੇ ਪਰਿਵਾਰ ਨੂੰ ਤਰਜੀਹ ਦਿੱਤੀ।
ਇਸ ਤੋਂ ਪਹਿਲਾਂ 2023 ਵਿੱਚ ਉਨ੍ਹਾਂ ਦੀ ਪਹਿਲੀ ਧੀ ਰੂਹਨਤ ਕੌਰ ਦਾ ਜਨਮ ਹੋਇਆ ਸੀ। ਹਰਮਨਪ੍ਰੀਤ ਅਤੇ ਉਨ੍ਹਾਂ ਦੀ ਪਤਨੀ ਅਮਨਦੀਪ ਕੌਰ ਹੁਣ ਦੋ ਬੇਟੀਆਂ ਦੇ ਮਾਪੇ ਬਣ ਗਏ ਹਨ ਅਤੇ ਹਾਕੀ ਜਗਤ ਵੱਲੋਂ ਉਨ੍ਹਾਂ ਨੂੰ ਵਧਾਈਆਂ ਮਿਲ ਰਹੀਆਂ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਜਲਦ ਹੀ ਟੀਮ ਨਾਲ ਦੁਬਾਰਾ ਜੁੜ ਕੇ ਕਪਤਾਨੀ ਜ਼ਿੰਮੇਵਾਰੀਆਂ ਸੰਭਾਲਣਗੇ।
ਭਾਰਤੀ ਟੀਮ ਲਈ ਹੋਬਾਰਟ ਪੜਾਅ ਮਿਲਾ-ਜੁਲਾ ਰਿਹਾ। ਸ਼ੁਰੂਆਤੀ ਮੈਚ ਵਿੱਚ ਸਪੇਨ ਤੋਂ 0-2 ਨਾਲ ਹਾਰ ਮਿਲੀ, ਜਦਕਿ ਆਸਟ੍ਰੇਲੀਆ ਨਾਲ ਮੈਚ 2-2 ਡਰਾਅ ਰਹਿਣ ਤੋਂ ਬਾਅਦ ਪੈਨਲਟੀ ‘ਚ ਹਾਰ ਗਈ। ਤੀਜੇ ਮੈਚ ਵਿੱਚ ਸਪੇਨ ਨਾਲ 1-1 ਡਰਾਅ ਤੋਂ ਬਾਅਦ ਫਿਰ ਪੈਨਲਟੀ ‘ਚ ਨਾਕਾਮੀ ਮਿਲੀ, ਪਰ ਆਖਰੀ ਮੈਚ ਵਿੱਚ ਆਸਟ੍ਰੇਲੀਆ ਨੂੰ ਪੈਨਲਟੀ ‘ਤੇ 3-1 ਨਾਲ ਹਰਾਕੇ ਟੀਮ ਨੇ ਸਾਂਤਵਨਾ ਜਿੱਤ ਦਰਜ ਕੀਤੀ।
ਮੌਜੂਦਾ ਅੰਕ ਸੂਚੀ ਅਨੁਸਾਰ ਭਾਰਤ ਅੱਠ ਮੈਚਾਂ ‘ਚ ਚਾਰ ਅੰਕਾਂ ਨਾਲ ਅੱਠਵੇਂ ਸਥਾਨ ‘ਤੇ ਹੈ। ਟੀਮ ਨੇ ਹੁਣ ਤੱਕ ਇੱਕ ਪੈਨਲਟੀ ਜਿੱਤ, ਦੋ ਪੈਨਲਟੀ ਹਾਰਾਂ ਅਤੇ ਕੁੱਲ ਪੰਜ ਹਾਰਾਂ ਦਾ ਸਾਹਮਣਾ ਕੀਤਾ ਹੈ, ਜਦਕਿ ਗੋਲ ਅੰਤਰ ਮਾਇਨਸ 16 ਹੈ।
Get all latest content delivered to your email a few times a month.