ਤਾਜਾ ਖਬਰਾਂ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਲਾਲ ਕਿਲ੍ਹੇ ਵਿਖੇ ਹੋਏ ਵਿਸ਼ਾਲ ਸਮਾਰੋਹ ਲਈ ਗੁਰਬਾਣੀ ਸੰਗੀਤ ਅਕਾਦਮੀ ਅਤੇ ਗੁਰਦੁਆਰਾ ਮਾਤਾ ਸੁੰਦਰੀ ਜੀ ਦੀ ਟੀਮ ਦਾ ਖ਼ਾਸ ਧੰਨਵਾਦ ਕੀਤਾ। ਇਸ ਮੌਕੇ 350 ਬੀਬੀਆਂ ਵੱਲੋਂ ਕੀਰਤਨ ਹਾਜ਼ਰੀ ਭਰਨ ਦੇ ਦ੍ਰਿਸ਼ ਨੇ ਸਮਾਗਮ ਨੂੰ ਖ਼ਾਸ ਰੂਪ ਨਾਲ ਅਧਿਆਤਮਿਕ ਅਤੇ ਇਤਿਹਾਸਕ ਬਣਾ ਦਿੱਤਾ। ਕਾਲਕਾ ਨੇ ਸੰਗਤ ਵੱਲੋਂ ਮਿਲ ਰਹੇ ਪਿਆਰ ਅਤੇ ਸਨਮਾਨ ਨੂੰ ਦਿੱਲ ਦੀਆਂ ਗਹਿਰਾਈਆਂ ਵਿੱਚੋਂ ਸਰਾ੍ਹਿਆ।
ਉਨ੍ਹਾਂ ਯਾਦ ਕਰਵਾਇਆ ਕਿ ਅੱਜ ਤੋਂ ਲਗਭਗ ਅੱਠ–ਨੌ ਮਹੀਨੇ ਪਹਿਲਾਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿੱਚ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਦਾ ਮਕਸਦ ਮਹਾਨ ਗੁਰਸਿੱਖ ਸ਼ਹੀਦਾਂ—ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਅਦਵਿੱਤੀ ਕੁਰਬਾਨੀ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਸੀ। ਕਾਲਕਾ ਨੇ ਦੱਸਿਆ ਕਿ ਇਹ ਯੋਜਨਾਵਾਂ ਨਿਰੰਤਰ ਸੰਗਤ ਦੇ ਸਹਿਯੋਗ ਨਾਲ ਵੱਡੀ ਸਫਲਤਾ ਨਾਲ ਅਜਿਹਾ ਰੂਪ ਲੈਂਦੀ ਗਈਆਂ।
ਉਨ੍ਹਾਂ ਕਿਹਾ ਕਿ ਇਸ ਸ਼ਹੀਦੀ ਸ਼ਤਾਬਦੀ ਸਾਲ ਦੌਰਾਨ ਹਰ ਵਰਗ—ਬਜ਼ੁਰਗ, ਨੌਜਵਾਨ, ਬੱਚੇ ਅਤੇ ਬੀਬੀਆਂ—ਦੀ ਭਾਗੀਦਾਰੀ ਨੇ ਸਮਾਗਮਾਂ ਨੂੰ ਜੋਸ਼, ਸ਼ਰਧਾ ਅਤੇ ਰੂਹਾਨੀਅਤ ਨਾਲ ਭਰਪੂਰ ਕੀਤਾ। ਸਕੂਲੀ ਵਿਦਿਆਰਥੀਆਂ ਵੱਲੋਂ ਕੀਤੀ ਮੋਟਰਸਾਈਕਲ–ਸਕੂਟਰ ਰੈਲੀ, ਚਿੱਤਰਕਲਾ ਮੁਕਾਬਲੇ, ਨਗਰ ਕੀਰਤਨ, ਸਰਵ ਧਰਮ ਸੰਮੇਲਨ ਅਤੇ ਅਨੇਕਾਂ ਗੁਰਮਤਿ ਪ੍ਰੋਗਰਾਮਾਂ ਨੇ ਗੁਰੂ ਸਾਹਿਬਾਨ ਪ੍ਰਤੀ ਸੰਗਤ ਦੀ ਅਟੱਲ ਭਗਤੀ ਨੂੰ ਪ੍ਰਗਟ ਕੀਤਾ। ਇਹ ਸਭ ਸਮਾਗਮ ਸੰਗਤ ਦੀ ਰੂਹਾਨੀ ਇੱਕਤਾ ਅਤੇ ਸਿੱਖ ਸੱਭਿਆਚਾਰ ਦੇ ਪ੍ਰਤੀਬੱਧਤਾ ਦੇ ਪ੍ਰਤੀਕ ਬਣੇ।
ਅੰਤ ਵਿੱਚ ਕਾਲਕਾ ਨੇ ਦੱਸਿਆ ਕਿ ਲਾਲ ਕਿਲ੍ਹੇ ਵਿਖੇ ਹੋਏ ਵਿਸ਼ਾਲ ਸਮਾਗਮ ਵਿੱਚ ਦੇਸ਼ ਅਤੇ ਵਿਦੇਸ਼ ਤੋਂ ਆਈ ਬੇਅੰਤ ਸੰਗਤ ਦੀ ਹਾਜ਼ਰੀ ਇਸਦੇ ਵੱਡੇ ਪ੍ਰਭਾਵ ਅਤੇ ਸਫਲਤਾ ਦਾ ਸਪਸ਼ਟ ਪ੍ਰਮਾਣ ਹੈ। ਉਨ੍ਹਾਂ ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ ਅਤੇ ਕੈਬਿਨੇਟ ਮੰਤਰੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਸਮੇਤ ਸਿੱਖ ਜਥੇਬੰਦੀਆਂ, ਧਾਰਮਿਕ ਸੰਸਥਾਵਾਂ ਅਤੇ ਨਿਹੰਗ ਸਿੰਘਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਕਾਲਕਾ ਨੇ ਕਿਹਾ ਕਿ DSGMC ਦੇ ਹਰ ਵਿਭਾਗ ਨੇ ਆਪਣੀ ਜ਼ਿੰਮੇਵਾਰੀ ਨਿਸ਼ਠਾ ਅਤੇ ਸੇਵਾ ਭਾਵ ਨਾਲ ਨਿਭਾਈ ਹੈ, ਜਿਨ੍ਹਾਂ ਦੀ ਮਿਹਨਤ ਕਾਰਨ ਇਹ ਪੂਰਾ ਸਮਾਰੋਹ ਇਤਿਹਾਸਕ ਸਫਲਤਾ ਬਣਿਆ।
Get all latest content delivered to your email a few times a month.