ਤਾਜਾ ਖਬਰਾਂ
ਚੰਡੀਗੜ੍ਹ/ਸ੍ਰੀ ਅਨੰਦਪੁਰ ਸਾਹਿਬ, 25 ਨਵੰਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਵੇਂ ਸਿੱਖ ਗੁਰੂ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ "ਸਰਬੱਤ ਦਾ ਭਲਾ ਇਕੱਤਰਤਾ" ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸੀਨੀਅਰ ਆਗੂਆਂ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਗੁਰੂ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਇਸ ਇਤਿਹਾਸਕ ਸਮਾਗਮ ਨੂੰ ਕਰਵਾਉਣ ਸਬੰਧੀ ਸਰਕਾਰ ਦੇ ਯਤਨਾਂ 'ਤੇ ਚਾਨਣਾ ਪਾਇਆ।
ਇਕੱਠ ਨੂੰ ਸੰਬੋਧਨ ਕਰਦਿਆਂ, 'ਆਪ' ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਦੀ ਵਿਲੱਖਣਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ 9ਵੇਂ ਗੁਰੂ ਸਾਹਿਬ ਨੂੰ "ਹਿੰਦ ਦੀ ਚਾਦਰ" ਦੱਸਿਆ ਅਤੇ ਗੁਰੂ ਸਾਹਿਬ ਵੱਲੋਂ ਦੂਜੇ ਧਰਮ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰਨ ਦੀ ਡੂੰਘੀ ਇਤਿਹਾਸਕ ਮਹੱਤਤਾ ਨੂੰ ਉਜਾਗਰ ਕੀਤਾ।
ਸ੍ਰੀ ਅਰੋੜਾ ਨੇ ਗੁਰੂ ਸਾਹਿਬ ਦੀ ਸ਼ਹਾਦਤ ਨਾਲ ਸਬੰਧਤ ਅਹਿਮ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ, "ਇਹ ਇਤਿਹਾਸ ਵਿੱਚ ਪਹਿਲੀ ਵਾਰ ਸੀ ਜਦੋਂ ਇੱਕ ਬੱਚੇ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਕੌਮ ਨੂੰ ਉਨ੍ਹਾਂ ਦੀ ਕੁਰਬਾਨੀ ਦੀ ਲੋੜ ਹੈ; ਇਹ ਪਹਿਲੀ ਵਾਰ ਸੀ ਜਦੋਂ ਇੱਕ ਸ਼ਹੀਦ ਖੁਦ ਸ਼ਹੀਦ ਹੋਣ ਲਈ ਜਲਾਦ ਕੋਲ ਗਿਆ।"
ਉਨ੍ਹਾਂ ਨੇ ਗੁਰੂ ਸਾਹਿਬ ਦੇ ਨਾਲ ਸ਼ਹੀਦ ਕੀਤੇ ਗਏ ਉਹਨਾਂ ਦੇ ਪੈਰੋਕਾਰਾਂ ਭਾਈ ਮਤੀ ਦਾਸ ਜੀ (ਜ਼ਿੰਦਾ ਆਰੇ ਨਾਲ ਚੀਰੇ ਗਏ), ਭਾਈ ਸਤੀ ਦਾਸ ਜੀ (ਜ਼ਿੰਦਾ ਸਾੜੇ ਗਏ) ਅਤੇ ਭਾਈ ਦਿਆਲਾ ਜੀ (ਜ਼ਿੰਦਾ ਉਬਾਲੇ ਗਏ) ਦੀ ਸ਼ਹਾਦਤਾਂ ਨੂੰ ਡੂੰਘੀ ਸ਼ਰਧਾਂਜਲੀ ਭੇਟ ਕੀਤੀ। ਸ੍ਰੀ ਅਰੋੜਾ ਨੇ ਉਹਨਾਂ ਵਿਲੱਖਣ ਹਾਲਾਤਾਂ 'ਤੇ ਵੀ ਚਾਨਣਾ ਪਾਇਆ ਜਦੋਂ ਗੁਰੂ ਸਾਹਿਬ ਦੇ ਪਵਿੱਤਰ ਸੀਸ ਅਤੇ ਧੜ ਦਾ ਵੱਖੋ-ਵਖਰੇ ਸਥਾਨਾਂ 'ਤੇ ਸਸਕਾਰ ਕੀਤਾ ਗਿਆ। ਅਮਨ ਅਰੋੜਾ ਨੇ ਕਿਹਾ ਕਿ ਇਸ ਸਾਲ ਕਰਵਾਏ ਗਏ ਇਹਨਾਂ ਯੋਜਨਾਬੱਧ ਸਮਾਗਮਾਂ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬ ਦੇ ਫਲਸਫੇ, ਜੀਵਨ ਅਤੇ ਲਾਸਾਨੀ ਕੁਰਬਾਨੀ ਦੀ ਮਹੱਤਤਾ ਨਾਲ ਰੂ-ਬ-ਰੂ ਕਰਵਾਉਣਾ ਸੀ।
ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਡੂੰਘੀ ਸ਼ਰਧਾ ਸਦਕਾ ਇਹਨਾਂ ਸਮਾਗਮਾਂ ਦੀ ਵਿਸ਼ਵ ਪੱਧਰ 'ਤੇ ਸ਼ਲਾਘਾ ਹੋ ਰਹੀ ਹੈ।
ਇਹਨਾਂ ਸਮਾਗਮਾਂ ਸਬੰਧੀ ਤਿਆਰੀਆਂ 'ਤੇ ਚਾਨਣਾ ਪਾਉਂਦਿਆਂ, ਬੈਂਸ ਨੇ ਅਹਿਮ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ, ਜਿਸ ਵਿੱਚ ਪਵਿੱਤਰ ਨਗਰੀ ਨੂੰ ਚਿੱਟਾ ਰੰਗ ਕਰਨਾ ਵੀ ਸ਼ਾਮਲ ਸੀ। ਉਨ੍ਹਾਂ ਅੱਗੇ ਕਿਹਾ ਕਿ ਇੱਥੇ ਹੈਰੀਟੇਜ ਸਟਰੀਟ ਸਥਾਪਤ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਗੁਰਦੁਆਰਾ ਸੀਸ ਗੰਜ ਸਾਹਿਬ ਅਤੇ ਗੁਰਦੁਆਰਾ ਕੇਸਗੜ੍ਹ ਸਾਹਿਬ ਨੂੰ ਜੋੜਨ ਲਈ ਇੱਕ ਨਵਾਂ ਲਾਂਘਾ ਸਥਾਪਤ ਕਰਨ ਦਾ ਵੀ ਐਲਾਨ ਕੀਤਾ।
ਬੈਂਸ ਨੇ ਦੱਸਿਆ ਕਿ ਇਹਨਾਂ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਸੂਬਾ ਸਰਕਾਰ ਵੱਲੋਂ ਦੇਸ਼ ਦੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਸੱਦਾ ਪੱਤਰ ਭੇਜੇ ਗਏ ਸਨ।
ਸੈਰ-ਸਪਾਟਾ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਇਸ ਸਮਾਗਮ ਪ੍ਰਤੀ ਸਰਕਾਰ ਦੀ ਵਚਨਬੱਧਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਸੂਬਾ ਪੱਧਰੀ ਸਮਾਗਮ ਨੂੰ ਨੇਪਰੇ ਚਾੜਨ ਲਈ ਬਜਟ ਸਬੰਧੀ ਕੋਈ ਪਾਬੰਦੀ ਨਹੀਂ ਲਗਾਈ ਜਿਸ ਨਾਲ ਸੈਰ-ਸਪਾਟਾ ਵਿਭਾਗ ਨੂੰ ਇਹਨਾਂ ਸਮਾਗਮਾਂ ਦੀ ਇਤਿਹਾਸਕ ਅਤੇ ਅਧਿਆਤਮਕ ਮਹੱਤਤਾ ਨੂੰ ਬਰਕਰਾਰ ਰੱਖਣ ਵਿੱਚ ਮਦਦ ਮਿਲੀ।
ਇਸ ਤੋਂ ਪਹਿਲਾਂ, ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਵਲੰਟੀਅਰਾਂ ਸਮੇਤ ਸਮੁੱਚੀ 'ਆਪ' ਲੀਡਰਸ਼ਿਪ ਤਰਫੋਂ ਹਾਜ਼ਰੀਨ ਦਾ ਸਵਾਗਤ ਕੀਤਾ। ਉਨ੍ਹਾਂ ਨੇ ਨੌਵੇਂ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਬਹਾਦਰ ਪੈਰੋਕਾਰਾਂ ਅੱਗੇ ਨਤਮਸਤਕ ਹੋਣ ਦਾ ਮੌਕਾ ਬਖ਼ਸ਼ਣ ਲਈ ਪਰਮਾਤਮਾ ਅਤੇ ਸੰਤਾਂ ਦਾ ਧੰਨਵਾਦ ਕੀਤਾ। ਕੰਗ ਨੇ ਸੰਗਤ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਅਤੇ ਪਾਰਟੀ ਦੇ ਵਲੰਟੀਅਰ ਇੱਥੇ ਨਤਮਸਤਕ ਹੋਣ ਲਈ ਆਉਣ ਵਾਲੀ ਸਮੁੱਚੀ ਸੰਗਤ ਲਈ ਸੁਵਿਧਾਜਨਕ ਸੇਵਾਵਾਂ ਯਕੀਨੀ ਬਣਾਉਣ ਲਈ ਤਨਦੇਹੀ ਨਾਲ ਕੰਮ ਕਰ ਰਹੇ ਹਨ।
ਆਗੂਆਂ ਨੇ ਸਮੂਹਿਕ ਤੌਰ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਗੁਰੂਆਂ ਦੀ ਧਰਤੀ ਦੀ ਸੇਵਾ ਕਰਦੇ ਰਹਿਣ ਲਈ ਅਸ਼ੀਰਵਾਦ ਲਿਆ।
ਇਸ ਮੌਕੇ ਨਿਹੰਗ ਸਿੰਘ ਸੰਗਠਨ 96 ਕਰੋੜੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ, ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ, ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ, ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ, ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ, ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ, ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਸਾਬਕਾ ਕੈਬਨਿਟ ਮੰਤਰੀ ਅਤੇ ਆਪ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ, ਸੈਰ-ਸਪਾਟਾ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਸਮੇਤ ਹੋਰ ਪ੍ਰਮੁੱਖ ਆਗੂ ਮੌਜੂਦ ਸਨ।
Get all latest content delivered to your email a few times a month.