ਤਾਜਾ ਖਬਰਾਂ
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਪੁਰਬ ਸਮਾਰੋਹ ਮੌਕੇ ਪੰਜਾਬ ਸਰਕਾਰ ਵਲੋਂ ਆਯੋਜਿਤ ਤਿੰਨ ਦਿਨਾ ਵਿਸ਼ੇਸ਼ ਸਮਾਗਮਾਂ ਵਿੱਚ ਸੰਗਤ ਵੱਡੀ ਗਿਣਤੀ ਵਿੱਚ ਸ਼ਿਰਕਤ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਇਸ ਮੌਕੇ ਖ਼ਾਸ ਤੌਰ 'ਤੇ ਗਾਈਡਡ ਟੂਰਾਂ ਦੀ ਸਹੂਲਤ ਵੀ ਪ੍ਰਦਾਨ ਕੀਤੀ ਹੈ, ਜੋ ਯਾਤਰੀਆਂ ਵਿੱਚ ਕਾਫ਼ੀ ਲੋਕਪ੍ਰਿਅਤਾ ਹਾਸਿਲ ਕਰ ਰਹੀ ਹੈ।
ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਵਲੋਂ ਤਿਆਰ ਕੀਤੇ ਗਏ ਇਹ ਟੂਰ ਸ੍ਰੀ ਅਨੰਦਪੁਰ ਸਾਹਿਬ ਦੇ ਵਿਰਾਸਤ-ਏ-ਖ਼ਾਲਸਾ, ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਅਤੇ ਪੰਜ ਪਿਆਰਾ ਪਾਰਕ ਦੀ ਵਿਸ਼ੇਸ਼ ਜਾਣਕਾਰੀ ਉਤੇ ਕੇਂਦ੍ਰਿਤ ਹਨ। ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਨਿਪੁੰਨ ਅਤੇ ਸਿੱਖ ਇਤਿਹਾਸ ਦੇ ਜਾਣਕਾਰ ਗਾਈਡ ਇਸ ਟੂਰ ਦਾ ਹਿੱਸਾ ਹਨ, ਜੋ ਸੰਗਤ ਨੂੰ ਹਰ ਸਥਾਨ ਦੀ ਇਤਿਹਾਸਕ ਮਹੱਤਤਾ ਨਾਲ ਜੋੜਦੇ ਹਨ।
ਗਾਈਡਡ ਟੂਰ ਦੀ ਸ਼ੁਰੂਆਤ ਵਿਰਾਸਤ-ਏ-ਖ਼ਾਲਸਾ ਤੋਂ ਹੁੰਦੀ ਹੈ, ਜਿੱਥੇ 27 ਮਨਮੋਹਕ ਗੈਲਰੀਆਂ ਰਾਹੀਂ ਸਿੱਖ ਧਰਮ ਦੇ ਉਤਪੱਤੀ ਕਾਲ ਤੋਂ ਲੈ ਕੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਯੋਗਦਾਨ ਤੱਕ, ਬਾਬਾ ਬੰਦਾ ਸਿੰਘ ਬਹਾਦਰ, ਸਿੱਖ ਮਿਸਲਾਂ, ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਬਰਤੀਸ਼ੀ ਰਾਜ ਖ਼ਿਲਾਫ਼ ਲੜਾਈਆਂ, 1947 ਦੀ ਵੰਡ ਅਤੇ ਪੰਜਾਬੀ ਸੁਬਾ ਮੋਰਚੇ ਤੱਕ ਦੇ ਇਤਿਹਾਸ ਨੂੰ ਸੁੰਦਰ ਢੰਗ ਨਾਲ ਦਰਸਾਇਆ ਗਿਆ ਹੈ।
ਇਸ ਤੋਂ ਬਾਅਦ ਸੰਗਤ ਨੂੰ ਪੰਜ ਪਿਆਰਾ ਪਾਰਕ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਮਹੱਤਵਪੂਰਨ ਗੁਰਦੁਆਰਿਆਂ ਦੀ ਯਾਤਰਾ ਕਰਵਾਈ ਜਾਂਦੀ ਹੈ, ਜਿੱਥੇ ਉਨ੍ਹਾਂ ਨੂੰ ਇਨ੍ਹਾਂ ਸਥਾਨਾਂ ਨਾਲ ਜੁੜੇ ਪ੍ਰਾਚੀਨ ਅਤੇ ਰੂਹਾਨੀ ਤਰੀਖ਼ੀ ਪੱਖਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਜਾ ਰਿਹਾ ਹੈ। ਇਹ ਟੂਰ ਸੰਗਤ ਨੂੰ ਗੁਰੂ ਸਾਹਿਬਾਨ ਦੀ ਵਿਰਾਸਤ ਨਾਲ ਡੂੰਘੇ ਤੌਰ 'ਤੇ ਰੂਬਰੂ ਕਰਦੇ ਹੋਏ ਰੂਹਾਨੀ ਅਨਭਵ ਵੀ ਪ੍ਰਦਾਨ ਕਰ ਰਹੇ ਹਨ।
ਅੱਜ ਦੇ ਦੌਰੇ ਦੌਰਾਨ ਸੈਰ-ਸਪਾਟਾ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਅਤੇ ਵਿਧਾਇਕ ਬੁੱਧ ਰਾਮ ਨੇ ਵੀ ਸੰਗਤ ਨਾਲ ਇਨ੍ਹਾਂ ਟੂਰਾਂ ਵਿੱਚ ਭਾਗ ਲਿਆ। ਉਨ੍ਹਾਂ ਨੇ ਕਿਹਾ ਕਿ ਇਹ ਯਤਨ ਖ਼ਾਸ ਤੌਰ 'ਤੇ ਨੌਜਵਾਨ ਪੀੜ੍ਹੀ ਨੂੰ ਸਿੱਖ ਵਿਰਾਸਤ ਨਾਲ ਨਜ਼ਦੀਕ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।
ਟੂਰ ਵਿੱਚ ਸ਼ਾਮਲ ਸੰਗਤ ਨੇ ਵੀ ਆਪਣੇ ਅਨਭਵ ਸਾਂਝੇ ਕਰਦੇ ਕਿਹਾ ਕਿ ਇਹ ਗਾਈਡਡ ਯਾਤਰਾ ਉਨ੍ਹਾਂ ਨੂੰ ਸਿੱਖ ਇਤਿਹਾਸ ਅਤੇ ਵਿਰਾਸਤ ਨੂੰ ਹੋਰ ਵੀ ਅਰਥਪੂਰਨ ਢੰਗ ਨਾਲ ਸਮਝਣ ਦਾ ਮੌਕਾ ਦੇ ਰਹੀ ਹੈ।
Get all latest content delivered to your email a few times a month.