ਤਾਜਾ ਖਬਰਾਂ
ਚੰਡੀਗੜ੍ਹ/ਸ੍ਰੀ ਆਨੰਦਪੁਰ ਸਾਹਿਬ, 23 ਨਵੰਬਰ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਵਿਖੇ ਲੱਖਾਂ ਦੀ ਗਿਣਤੀ 'ਚ ਪਹੁੰਚਣ ਵਾਲੀ ਸੰਗਤ ਦੀ ਸਹੂਲਤ ਲਈ ਸਥਾਪਤ ਕੀਤੇ ਗਏ ਆਮ ਆਦਮੀ ਕਲੀਨਿਕ 'ਚ ਲਗਾਏ ਮੈਡੀਕਲ ਕੈਂਪ ਦੇ ਨਾਲ-ਨਾਲ ਅੱਖਾਂ ਦੀ ਜਾਂਚ ਦੇ ਵਿਸ਼ੇਸ਼ ਕੈਂਪ 'ਨਿਗ੍ਹਾ ਲੰਗਰ' ਸਮੇਤ ਵੱਖ-ਵੱਖ ਸਿਹਤ ਸਹੂਲਤਾਂ ਦਾ ਵਿਆਪਕ ਨਿਰੀਖਣ ਕੀਤਾ।
ਆਪਣੀ ਦੌਰੇ ਦੌਰਾਨ ਸਿਹਤ ਮੰਤਰੀ ਨੇ 'ਨਿਗ੍ਹਾ ਲੰਗਰ' ਕੈਂਪ ਦੇ ਮਹੱਤਵਪੂਰਨ ਨਤੀਜੇ ਸਾਂਝੇ ਕਰਦਿਆਂ ਜਾਣਕਾਰੀ ਦਿੱਤੀ ਕਿ ਹੁਣ ਤੱਕ 5000 ਸ਼ਰਧਾਲੂਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਿੱਚੋਂ 2000 ਸ਼ਰਧਾਲੂਆਂ ਨੂੰ ਮੁਫ਼ਤ ਐਨਕਾਂ ਪ੍ਰਦਾਨ ਕੀਤੀਆਂ ਗਈਆਂ ਹਨ ਅਤੇ 39 ਵਿਅਕਤੀਆਂ ਦੇ ਮੋਤੀਆਬਿੰਦ ਦਾ ਸਫ਼ਲ ਆਪ੍ਰੇਸ਼ਨ ਕੀਤੇ ਗਏ ਹਨ।
ਡਾ. ਬਲਬੀਰ ਸਿੰਘ ਨੇ ਸਿਹਤ ਸੰਭਾਲ ਦੇ ਵਿਆਪਕ ਢਾਂਚੇ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਰੋਪੜ, ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ 24 ਘੰਟੇ ਐਮਰਜੈਂਸੀ ਸੇਵਾਵਾਂ ਪੂਰੀ ਤਰ੍ਹਾਂ ਕਾਰਜਸ਼ੀਲ ਹਨ। ਇਸ ਤੋਂ ਇਲਾਵਾ ਕਿਸੇ ਵੀ ਗੰਭੀਰ ਸਥਿਤੀ ਨੂੰ ਸੰਭਾਲਣ ਲਈ ਸ੍ਰੀ ਅਨੰਦਪੁਰ ਸਾਹਿਬ ਅਤੇ ਰੋਪੜ ਵਿਖੇ ਕ੍ਰਿਟੀਕਲ ਕੇਅਰ ਸੇਵਾਵਾਂ ਸਥਾਪਤ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ ਵਾਲੀਆਂ ਥਾਵਾਂ 'ਤੇ 39 ਆਮ ਆਦਮੀ ਕਲੀਨਿਕ ਕਾਰਜਸ਼ੀਲ ਹਨ ਜਿੱਥੇ ਸੰਗਤ ਮੁਫ਼ਤ ਦਵਾਈਆਂ ਲੈ ਸਕਦੀ ਹੈ ਅਤੇ ਆਪਣੇ ਟੈਸਟ ਕਰਵਾ ਸਕਦੀ ਹੈ।
ਐਤਵਾਰ ਦੀ ਸਿਹਤ ਰਿਪੋਰਟ ਸਾਂਝੀ ਕਰਦਿਆਂ ਡਾ. ਸਿੰਘ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਤ ਆਮ ਆਦਮੀ ਕਲੀਨਿਕਾਂ ਵਿੱਚ 1822 ਮਰੀਜ਼ਾਂ ਨੇ ਸਿਹਤ ਸੇਵਾਵਾਂ ਪ੍ਰਾਪਤ ਕੀਤੀਆਂ ਅਤੇ 174 ਲੈਬ ਟੈਸਟ ਕੀਤੇ ਗਏ।
ਡਾਕਟਰੀ ਸੇਵਾਵਾਂ ਨੂੰ ਸਮੇਂ ਸਿਰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਨੇ ਰਣਨੀਤਕ ਸਥਾਨਾਂ 'ਤੇ 31 ਐਂਬੂਲੈਂਸਾਂ ਤਾਇਨਾਤ ਕੀਤੀਆਂ ਹਨ, ਜਿਸ ਵਿੱਚ 24 ਬੇਸਿਕ ਲਾਈਫ ਸਪੋਰਟ ਅਤੇ 7 ਐਡਵਾਂਸਡ ਲਾਈਫ ਸਪੋਰਟ ਐਂਬੂਲੈਂਸਾਂ ਸ਼ਾਮਲ ਹਨ, ਜੋ 24 ਘੰਟੇ ਸਰਗਰਮ ਹਨ। ਇਸ ਦੇ ਨਾਲ ਹੀ ਸਮਾਗਮਾਂ ਵਾਲੀ ਥਾਂ 'ਤੇ ਵਿਸ਼ੇਸ਼ ਖੂਨਦਾਨ ਕੈਂਪ ਵੀ ਲਗਾਏ ਜਾ ਰਹੇ ਹਨ।
ਕਿਸੇ ਵੀ ਡਾਕਟਰੀ ਐਮਰਜੈਂਸੀ ਲਈ ਸੰਗਤ ਸਮਰਪਿਤ ਹੈਲਪਲਾਈਨ ਨੰਬਰ 98155-88342 'ਤੇ ਸੰਪਰਕ ਕਰ ਸਕਦੀ ਹੈ।
Get all latest content delivered to your email a few times a month.