ਤਾਜਾ ਖਬਰਾਂ
ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਪੰਜਾਬੀ ਭਾਈਚਾਰੇ ਲਈ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਸ਼ਹਿਰ ਦੇ ਪੱਛਮੀ ਹਿੱਸੇ 'ਚ ਬਨਾਸ ਵੇਅ 'ਤੇ ਸਥਿਤ ਇੱਕ ਰਿਹਾਇਸ਼ੀ ਘਰ ਵਿੱਚ ਵੀਰਵਾਰ ਦੀ ਅੱਧੀ ਰਾਤ ਨੂੰ ਅਚਾਨਕ ਭੜਕੀ ਅੱਗ ਨੇ ਤਿੰਨ ਪੰਜਾਬੀਆਂ ਦੀ ਜਾਨ ਲੈ ਲਈ। ਮਰੇ ਹੋਏ ਲੋਕਾਂ ਵਿੱਚ ਇੱਕ ਬੱਚੇ ਦੀ ਮੌਤ ਦੀ ਵੀ ਪੁਸ਼ਟੀ ਹੋ ਰਹੀ ਹੈ।
ਅੱਗ ਇਨੀ ਭਿਆਨਕ ਸੀ ਕਿ ਉਪਰਲੀ ਮੰਜ਼ਲ ਕੁਝ ਮਿੰਟਾਂ ਵਿੱਚ ਹੀ ਪੂਰੀ ਤਰ੍ਹਾਂ ਲਪੇਟ ਵਿੱਚ ਆ ਗਈ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਮੁਤਾਬਕ ਰਾਤ ਲਗਭਗ 2:30 ਵਜੇ ਸੂਚਨਾ ਮਿਲਣ ਉੱਪਰ ਉਹ ਮੌਕੇ 'ਤੇ ਪਹੁੰਚੇ, ਪਰ ਤੀਜੀ ਮੰਜ਼ਲ ਦਾ ਵੱਡਾ ਹਿੱਸਾ ਤਬਾਹ ਹੋ ਚੁੱਕਾ ਸੀ। ਅੰਦਰੋਂ ਦੋ ਲਾਸ਼ਾਂ ਤੁਰੰਤ ਮਿਲੀਆਂ, ਜਦਕਿ ਘਰ ਦੇ ਰਹਿਣ ਵਾਲੇ ਕੁੱਝ ਲੋਕ ਖਿੜਕੀ ਤੋਂ ਛਾਲ ਮਾਰ ਕੇ ਬਚੇ—ਇਨ੍ਹਾਂ ਵਿੱਚ ਗਰਭਵਤੀ ਮਹਿਲਾ ਅਤੇ ਇੱਕ 5 ਸਾਲ ਦਾ ਬੱਚਾ ਸ਼ਾਮਲ ਹੈ। ਚਾਰ ਹੋਰ ਲੋਕ ਜ਼ਖ਼ਮੀ ਹਨ, ਜਿਨ੍ਹਾਂ ਵਿੱਚ ਇੱਕ ਦੀ ਹਾਲਤ ਨਾਜ਼ੁਕ ਹੈ।
ਘਰ ਵਿੱਚ ਰਹਿੰਦੇ ਪੰਜਾਬੀ ਪਰਿਵਾਰ ਦੇ ਦੋ ਹੋਰ ਮੈਂਬਰ ਅਜੇ ਤੱਕ ਲਾਪਤਾ ਹਨ। ਅੱਗ ਬੁਝਾਊ ਦਲ ਦੂਜੇ ਦਿਨ ਸ਼ਾਮ ਤੱਕ ਸੜੇ ਹੋਏ ਮਲਬੇ ਦੀ ਸਫਾਈ ਕਰਕੇ ਉਨ੍ਹਾਂ ਦੀ ਭਾਲ ਕਰਦਾ ਰਿਹਾ।
ਬਰੈਂਪਟਨ ਦੇ ਮੇਅਰ ਪੈਟਰਿਕ ਬਰਾਉਨ ਨੇ ਜਾਣਕਾਰੀ ਦਿੱਤੀ ਕਿ ਇਸ ਘਰ ਲਈ 2020 ਵਿੱਚ ਸਬ-ਯੂਨਿਟ ਬਣਾਉਣ ਦੀ ਅਰਜ਼ੀ ਦਿੱਤੀ ਗਈ ਸੀ। ਮਿਊਂਸਪਲ ਅਧਿਕਾਰੀ ਕਈ ਵਾਰ ਨਿਰੀਖਣ ਲਈ ਪਹੁੰਚੇ, ਪਰ ਰਹਿਣ ਵਾਲਿਆਂ ਨੇ ਉਨ੍ਹਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਘਰ ਦੇ ਢਾਂਚੇ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਹੈ।
ਇਹ ਵੀ ਸਾਹਮਣੇ ਆਇਆ ਹੈ ਕਿ ਇਹ ਘਰ ਭਾਰਤ ਰਹਿੰਦੇ ਇੱਕ ਨਿਵੇਸ਼ਕ ਨੇ ਲਗਭਗ ਛੇ ਸਾਲ ਪਹਿਲਾਂ ਖਰੀਦਿਆ ਸੀ ਅਤੇ ਉਸਨੇ ਆਪਣੀ ਗੈਰਹਾਜ਼ਰੀ ਵਿੱਚ ਸਾਰੀਆਂ ਜ਼ਿੰਮੇਵਾਰੀਆਂ ਅਤੇ ਕਿਰਾਏ ਦੀ ਪ੍ਰਬੰਧਕੀ ਇੱਥੇ ਦੇ ਇੱਕ ਜਾਣਕਾਰ ਨੂੰ ਦੇ ਰੱਖੀ ਸੀ। ਪਰਿਵਾਰ ਕਈ ਸਾਲਾਂ ਤੋਂ ਇੱਥੇ ਕਿਰਾਏ ’ਤੇ ਰਹਿ ਰਿਹਾ ਸੀ।
ਓਨਟਾਰੀਓ ਦੇ ਮੁੱਖ ਮੰਤਰੀ ਨੇ ਵੀ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ ਅਤੇ ਪ੍ਰਭਾਵਿਤ ਪਰਿਵਾਰ ਨਾਲ ਹਮਦਰਦੀ ਜਤਾਈ ਹੈ।
Get all latest content delivered to your email a few times a month.