ਤਾਜਾ ਖਬਰਾਂ
ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਚੋਣ ਕਮਿਸ਼ਨ ਨੂੰ ਮੰਗ ਕੀਤੀ ਹੈ ਕਿ ਤਰਨ ਤਾਰਨ ਦੀ ਜ਼ਿਮਨੀ ਚੋਣ ਦੌਰਾਨ ਪੁਲਿਸ ਅਤੇ ਰਾਜ ਸਰਕਾਰ ਵੱਲੋਂ ਕੀਤੀ ਗਈ ਸੱਤਾ ਦੀ ਦੁਰਵਰਤੋਂ ਦੀ ਪੂਰੀ ਜਾਂਚ ਕਰਦੇ ਹੋਏ ਜ਼ਿੰਮੇਵਾਰ ਅਧਿਕਾਰੀਆਂ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ। ਇਹ ਮੰਗ ਉਸ ਤੋਂ ਬਾਅਦ ਜ਼ੋਰ ਪਕੜ ਗਈ ਜਦੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਕਾਲੀ ਦਲ ਦੇ ਆਈ.ਟੀ. ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਗਿੱਲ ਦੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ।
ਅਕਾਲੀ ਦਲ ਦੇ ਸੀਨੀਅਰ ਉਪ ਪ੍ਰਧਾਨ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਚੋਣ ਕਮਿਸ਼ਨ ਨੂੰ ਭੇਜੇ ਨਵੇਂ ਪੱਤਰ ਵਿੱਚ ਦੱਸਿਆ ਕਿ ਹਾਈ ਕੋਰਟ ਨੇ ਕੇਸ ਨੰਬਰ CRWP 12396-2025 ਵਿੱਚ ਦਿੱਤੇ ਅੰਤਰਿਮ ਹੁਕਮਾਂ ਦੌਰਾਨ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਨਛੱਤਰ ਸਿੰਘ ਗਿੱਲ ਦੀ ਐਫ.ਆਈ.ਆਰ ਨੰਬਰ 261 (ਤਾਰੀਖ 15.11.25) ਅਧੀਨ ਗ੍ਰਿਫਤਾਰੀ ਕਾਨੂੰਨੀ ਪੱਖੋਂ ਠੀਕ ਨਹੀਂ ਸੀ ਅਤੇ ਅਦਾਲਤ ਨੇ ਉਨ੍ਹਾਂ ਦੀ ਤੁਰੰਤ ਰਿਹਾਈ ਦੇ ਹੁਕਮ ਵੀ ਜਾਰੀ ਕੀਤੇ।
ਡਾ. ਚੀਮਾ ਨੇ ਦਾਅਵਾ ਕੀਤਾ ਕਿ ਇਹ ਅਦਾਲਤੀ ਫ਼ੈਸਲਾ ਸਪੱਸ਼ਟ ਕਰਦਾ ਹੈ ਕਿ ਤਰਨ ਤਾਰਨ ਦੀ ਜ਼ਿਮਨੀ ਚੋਣ ਦੌਰਾਨ ਆਪ ਸਰਕਾਰ ਦੇ ਦਬਾਅ ਹੇਠ ਅਕਾਲੀ ਆਗੂਆਂ ਅਤੇ ਵਰਕਰਾਂ ਦੀ ਗ੍ਰਿਫਤਾਰੀ ਰਾਜਨੀਤਿਕ ਬਦਲਾਖੋਰੀ ਦਾ ਨਤੀਜਾ ਸੀ। ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਮੰਗ ਕੀਤੀ ਕਿ ਸੱਤਾ ਦਾ ਗਲਤ ਇਸਤੇਮਾਲ ਕਰਨ ਵਾਲੇ ਸਭ ਪੁਲਿਸ ਅਧਿਕਾਰੀਆਂ, ਰਾਜ ਸਰਕਾਰ ਅਤੇ ਆਮ ਆਦਮੀ ਪਾਰਟੀ ਵਿਰੁੱਧ ਕੜੀ ਕਾਰਵਾਈ ਕੀਤੀ ਜਾਵੇ ਤਾਂ ਜੋ ਚੋਣ ਪ੍ਰਣਾਲੀ ਦੀ ਪਵਿੱਤਰਤਾ ਬਰਕਰਾਰ ਰਹੇ।
Get all latest content delivered to your email a few times a month.