ਤਾਜਾ ਖਬਰਾਂ
ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸ਼ੁੱਕਰਵਾਰ ਨੂੰ ਇੱਕ ਭਿਆਨਕ ਹਾਦਸਾ ਵਾਪਰ ਗਿਆ, ਜਦੋਂ ਫੈਸਲਾਬਾਦ ਜ਼ਿਲ੍ਹੇ ਦੇ ਮਲਿਕਪੁਰ ਖੇਤਰ ਵਿੱਚ ਸਥਿਤ ਇੱਕ ਕੈਮੀਕਲ ਫੈਕਟਰੀ ਦਾ ਬਾਇਲਰ ਜ਼ੋਰਦਾਰ ਧਮਾਕੇ ਨਾਲ ਫਟ ਗਿਆ। ਧਮਾਕਾ ਇੰਨਾ ਤਾਕਤਵਰ ਸੀ ਕਿ ਪੂਰੀ ਫੈਕਟਰੀ ਸਮੇਤ ਨੇੜਲੀਆਂ ਇਮਾਰਤਾਂ ਵੀ ਢਹਿ ਪਈਆਂ।
ਮੌਕੇ 'ਤੇ ਤੁਰੰਤ ਬਚਾਅ ਟੀਮਾਂ ਨੂੰ ਭੇਜਿਆ ਗਿਆ, ਅਤੇ ਫੈਸਲਾਬਾਦ ਦੇ ਡਿਪਟੀ ਕਮਿਸ਼ਨਰ ਰਾਜਾ ਜਹਾਂਗੀਰ ਅਨਵਰ ਦੇ ਅਨੁਸਾਰ, ਮਲਬੇ ਵਿੱਚੋਂ ਹੁਣ ਤੱਕ 15 ਮ੍ਰਿਤਕ ਦੇਹਾਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ। ਕਈ ਲੋਕ ਗੰਭੀਰ ਤੌਰ 'ਤੇ ਜ਼ਖਮੀ ਹਨ, ਜਿਨ੍ਹਾਂ ਵਿੱਚੋਂ 10 ਨੂੰ ਤੁਰੰਤ ਹਸਪਤਾਲ ਭੇਜਿਆ ਗਿਆ ਹੈ, ਜਦੋਂ ਕਿ 3 ਨੂੰ ਮੁੱਢਲਾ ਇਲਾਜ ਦੇ ਕੇ ਛੁੱਟੀ ਦੇ ਦਿੱਤੀ ਗਈ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਮਲਬੇ ਹੇਠ ਅਜੇ ਵੀ ਹੋਰ ਮਜਦੂਰ ਦੱਬੇ ਹੋ ਸਕਦੇ ਹਨ, ਜਿਸ ਕਾਰਨ ਬਚਾਅ ਟੀਮਾਂ ਕੰਮ ਨੂੰ ਤੇਜ਼ੀ ਨਾਲ ਅੱਗੇ ਵਧਾ ਰਹੀਆਂ ਹਨ। ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਇੱਕ ਪੰਜ ਮੈਂਬਰੀ ਖ਼ਾਸ ਜਾਂਚ ਟੀਮ ਬਣਾਉਣ ਦਾ ਹੁਕਮ ਜਾਰੀ ਕੀਤਾ ਗਿਆ ਹੈ।
ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਇਸ ਦੁਖਦਾਈ ਘਟਨਾ ਉੱਤੇ ਗਹਿਰਾ ਦੁੱਖ ਜ਼ਾਹਿਰ ਕੀਤਾ ਹੈ ਅਤੇ ਪ੍ਰਭਾਵਿਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਨੇ ਫੈਸਲਾਬਾਦ ਕਮਿਸ਼ਨਰ ਤੋਂ ਵਿਸਤ੍ਰਿਤ ਰਿਪੋਰਟ ਤੁਰੰਤ ਮੰਗੀ ਹੈ।
Get all latest content delivered to your email a few times a month.