ਤਾਜਾ ਖਬਰਾਂ
ਪੰਜਾਬੀ ਸੰਗੀਤ ਜਗਤ ਦੇ ਉੱਭਰਦੇ ਸਿਤਾਰੇ, ਗਾਇਕ ਰਾਜਵੀਰ ਜਵੰਦਾ ਦੀ ਬੇਵਕਤੀ ਮੌਤ ਨੇ ਪ੍ਰਸ਼ੰਸਕਾਂ ਅਤੇ ਇੰਡਸਟਰੀ ਨੂੰ ਡੂੰਘਾ ਸਦਮਾ ਦਿੱਤਾ ਹੈ। ਸੜਕ ਹਾਦਸੇ ਵਿੱਚ ਜ਼ਖਮੀ ਹੋਣ ਤੋਂ ਬਾਅਦ 8 ਅਕਤੂਬਰ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ। ਜਵੰਦਾ ਦੀ ਮੌਤ ਸਮੇਂ ਉਨ੍ਹਾਂ ਦੇ 52 ਦੇ ਕਰੀਬ ਸ਼ੋਅ ਬੁੱਕ ਸਨ, ਜਿਨ੍ਹਾਂ ਨੂੰ ਲੈ ਕੇ ਉਨ੍ਹਾਂ ਦੇ ਕਰੀਬੀ ਦੋਸਤ ਅਤੇ ਗਾਇਕ ਹੁਣ ਉਨ੍ਹਾਂ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ ਹਨ।
ਕੁਲਵਿੰਦਰ ਬਿੱਲਾ ਨੇ ਪਾਣੀਪਤ 'ਚ ਨਿਭਾਇਆ ਦੋਸਤੀ ਦਾ ਵਾਅਦਾ
ਜਵੰਦਾ ਦੇ ਸਭ ਤੋਂ ਕਰੀਬੀ ਦੋਸਤਾਂ ਵਿੱਚੋਂ ਇੱਕ, ਗਾਇਕ ਕੁਲਵਿੰਦਰ ਬਿੱਲਾ ਨੇ ਹਾਲ ਹੀ ਵਿੱਚ ਪਾਣੀਪਤ ਵਿਖੇ ਰਾਜਵੀਰ ਜਵੰਦਾ ਦਾ ਬੁੱਕ ਕੀਤਾ ਹੋਇਆ ਸ਼ੋਅ ਕੀਤਾ। ਬਿੱਲਾ ਨੇ ਇਹ ਸ਼ੋਅ ਕਰਕੇ ਜਵੰਦਾ ਦੇ ਪਰਿਵਾਰ ਨਾਲ ਕੀਤਾ ਆਪਣਾ ਵਾਅਦਾ ਪੂਰਾ ਕੀਤਾ ਹੈ। ਇਹ ਇੱਕ ਭਾਵੁਕ ਪਲ ਸੀ ਜਦੋਂ ਇੱਕ ਦੋਸਤ ਨੇ ਆਪਣੇ ਵਿੱਛੜੇ ਹੋਏ ਸਾਥੀ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦਾ ਬੀੜਾ ਚੁੱਕਿਆ। ਸੂਤਰਾਂ ਅਨੁਸਾਰ, ਇਸ ਸ਼ੋਅ ਤੋਂ ਹੋਈ ਕਮਾਈ ਕੁਲਵਿੰਦਰ ਬਿੱਲਾ ਵੱਲੋਂ ਜਵੰਦਾ ਦੇ ਪਰਿਵਾਰ ਨੂੰ ਸੌਂਪੀ ਜਾਵੇਗੀ।
ਕੁਲਵਿੰਦਰ ਬਿੱਲਾ ਅਤੇ ਰਾਜਵੀਰ ਜਵੰਦਾ ਦੀ ਦੋਸਤੀ ਕਾਫੀ ਲੰਬੀ ਸੀ। ਦੋਵੇਂ ਪਟਿਆਲਾ ਯੂਨੀਵਰਸਿਟੀ ਵਿੱਚ ਇਕੱਠੇ ਪੜ੍ਹੇ ਸਨ। ਬਿੱਲਾ ਨੇ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਦੋਸਤ ਨਾਲ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ।
ਕਨਵਰ ਗਰੇਵਾਲ ਅਤੇ ਹੋਰ ਕਲਾਕਾਰ ਵੀ ਪਰਿਵਾਰ ਦੇ ਨਾਲ
ਰਾਜਵੀਰ ਜਵੰਦਾ ਦੇ ਐਕਸੀਡੈਂਟ ਤੋਂ ਬਾਅਦ ਤੋਂ ਹੀ ਉਨ੍ਹਾਂ ਦੇ ਪਰਿਵਾਰ ਨਾਲ ਗਾਇਕ ਕੁਲਵਿੰਦਰ ਬਿੱਲਾ ਅਤੇ ਕਨਵਰ ਗਰੇਵਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹੇ ਹਨ। ਜਵੰਦਾ ਦੀ ਮੌਤ ਉਪਰੰਤ, ਦੋਵਾਂ ਨੇ ਸਾਰੇ ਕਲਾਕਾਰਾਂ ਨਾਲ ਮਿਲ ਕੇ ਇਹ ਐਲਾਨ ਕੀਤਾ ਸੀ ਕਿ ਉਹ ਰਾਜਵੀਰ ਦੇ ਬੁੱਕ ਕੀਤੇ ਹੋਏ ਸ਼ੋਅ ਕਰਨਗੇ ਤਾਂ ਜੋ ਪਰਿਵਾਰ ਨੂੰ ਆਰਥਿਕ ਮਦਦ ਮਿਲ ਸਕੇ। ਕਈ ਹੋਰ ਸਿੰਗਰਾਂ ਨੇ ਵੀ ਇਸ ਨੇਕ ਕਾਰਜ ਲਈ ਹਾਂ-ਪੱਖੀ ਹੁੰਗਾਰਾ ਭਰਿਆ ਹੈ।
ਹਾਦਸੇ ਬਾਰੇ ਜਾਣਕਾਰੀ
ਰਾਜਵੀਰ ਜਵੰਦਾ 11 ਦਿਨਾਂ ਤੱਕ ਮੌਤ ਨਾਲ ਲੜਾਈ ਲੜਦੇ ਰਹੇ ਸਨ। 27 ਸਤੰਬਰ ਨੂੰ ਬੱਦੀ ਤੋਂ ਸ਼ਿਮਲਾ ਜਾਂਦੇ ਸਮੇਂ ਪਿੰਜੌਰ ਨੇੜੇ ਉਨ੍ਹਾਂ ਦਾ ਭਿਆਨਕ ਐਕਸੀਡੈਂਟ ਹੋ ਗਿਆ ਸੀ। ਉਨ੍ਹਾਂ ਦੀ ਰੀੜ੍ਹ ਦੀ ਹੱਡੀ ਅਤੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਸਨ, ਜਿਸ ਕਾਰਨ ਉਹ ਵੈਂਟੀਲੇਟਰ 'ਤੇ ਸਨ। ਅਫ਼ਸੋਸ, 8 ਅਕਤੂਬਰ ਨੂੰ ਉਹ ਜ਼ਿੰਦਗੀ ਦੀ ਜੰਗ ਹਾਰ ਗਏ।
ਇੰਡਸਟਰੀ ਦੇ ਕਲਾਕਾਰਾਂ ਵੱਲੋਂ ਇਹ ਉਪਰਾਲਾ ਸੱਚਮੁੱਚ ਦੋਸਤੀ ਅਤੇ ਇਨਸਾਨੀਅਤ ਦੀ ਇੱਕ ਵੱਡੀ ਮਿਸਾਲ ਹੈ।
Get all latest content delivered to your email a few times a month.