ਤਾਜਾ ਖਬਰਾਂ
ਚੰਡੀਗੜ੍ਹ: ਸੋਸ਼ਲ ਮੀਡੀਆ 'ਤੇ ਪਿਛਲੇ ਕੁਝ ਦਿਨਾਂ ਤੋਂ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਸਿੱਖ ਨੌਜਵਾਨ ਹੱਥਕੜੀ ਲੱਗੀ ਹੋਣ ਦੇ ਬਾਵਜੂਦ ਵਿਆਹ ਸਮਾਗਮ ਵਿੱਚ ਭੰਗੜਾ ਪਾਉਂਦਾ ਨਜ਼ਰ ਆ ਰਿਹਾ ਹੈ ਅਤੇ ਉਸਦੇ ਨਾਲ ਕੁਝ ਪੁਲਿਸ ਮੁਲਾਜ਼ਮ ਵੀ ਖੜ੍ਹੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਵੱਡੇ ਪੱਧਰ 'ਤੇ ਪੰਜਾਬ ਪੁਲਿਸ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਵਿਭਾਗ 'ਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਕਈ ਲੋਕਾਂ ਨੇ ਤਾਂ ਇਹ ਤੱਕ ਕਹਿ ਦਿੱਤਾ ਕਿ ਨੌਜਵਾਨ ਨੂੰ ਆਪਣੇ ਦੋਸਤ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਜੇਲ੍ਹ ਤੋਂ ਲਿਆਂਦਾ ਗਿਆ ਹੈ।
DGP ਗੌਰਵ ਯਾਦਵ ਨੇ ਦਿੱਤਾ ਸਪੱਸ਼ਟੀਕਰਨ
ਇਸ ਮਾਮਲੇ ਵਿੱਚ ਹੁਣ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦਾ ਅਧਿਕਾਰਤ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਇਸ ਖ਼ਬਰ ਨੂੰ ਮੁੱਢੋਂ-ਸੁੱਢੋਂ ਝੂਠਾ ਕਰਾਰ ਦਿੱਤਾ ਗਿਆ ਹੈ।
ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਗੌਰਵ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਟਵੀਟ ਕਰਕੇ ਸਪੱਸ਼ਟ ਕੀਤਾ ਕਿ:
ਵਾਇਰਲ ਹੋ ਰਹੀ ਵੀਡੀਓ ਨੂੰ ਗਲਤ ਤਰੀਕੇ ਨਾਲ ਪੰਜਾਬ ਪੁਲਿਸ ਨਾਲ ਜੋੜਿਆ ਜਾ ਰਿਹਾ ਹੈ।
ਇਹ ਵੀਡੀਓ ਪੰਜਾਬ ਵਿੱਚ ਰਿਕਾਰਡ ਨਹੀਂ ਕੀਤੀ ਗਈ ਹੈ।
ਵੀਡੀਓ ਵਿੱਚ ਦਿਖਾਈ ਦੇਣ ਵਾਲੀ ਵਰਦੀ ਪੰਜਾਬ ਪੁਲਿਸ ਦੁਆਰਾ ਨਹੀਂ ਵਰਤੀ ਜਾਂਦੀ।
DGP ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਇੱਕ ਝੂਠੀ ਅਤੇ ਤੱਥਾਂ ਤੋਂ ਰਹਿਤ ਗਲਤ ਖ਼ਬਰ ਹੈ। ਉਨ੍ਹਾਂ ਕਿਹਾ ਕਿ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਤੱਥਾਂ ਦੀ ਜਾਂਚ ਕੀਤੀ ਜਾਵੇ ਅਤੇ ਕਿਸੇ ਵੀ ਕਿਸਮ ਦੀਆਂ ਅਫਵਾਹਾਂ ਜਾਂ ਗਲਤ ਜਾਣਕਾਰੀ ਫੈਲਾਉਣ ਤੋਂ ਗੁਰੇਜ਼ ਕੀਤਾ ਜਾਵੇ।
ਪੁਲਿਸ ਵਿਭਾਗ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਵੀਡੀਓ ਦਾ ਪੰਜਾਬ ਪੁਲਿਸ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਗੱਲਾਂ ਕੇਵਲ ਅਫਵਾਹਾਂ ਹਨ।
Get all latest content delivered to your email a few times a month.