ਤਾਜਾ ਖਬਰਾਂ
ਅੰਮ੍ਰਿਤਸਰ ਦੇ ਮੁੱਖ ਬੱਸ ਸਟੈਂਡ 'ਤੇ ਹੋਏ ਇੱਕ ਹਾਈ-ਪ੍ਰੋਫਾਈਲ ਕਤਲ ਨੇ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸ਼ੁਰੂਆਤ ਵਿੱਚ ਇਹ ਘਟਨਾ ਬੱਸਾਂ ਦੀ ਟਾਈਮਿੰਗ ਵਿਵਾਦ ਦੱਸ ਕੇ ਟਾਲੀ ਜਾ ਰਹੀ ਸੀ, ਪਰ ਹੁਣ ਇਸ ਦੀਆਂ ਤਾਰਾਂ ਸਿੱਧੀਆਂ ਖੂੰਖਾਰ ਗੈਂਗਵਾਰ ਨਾਲ ਜੁੜ ਗਈਆਂ ਹਨ। ਜਿੱਥੇ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਉੱਥੇ ਹੀ ਕੁਝ ਹੀ ਸਮੇਂ ਬਾਅਦ ਗੋਪੀ ਘਨਸ਼ਾਮਪੁਰ ਗਰੁੱਪ ਨੇ ਸੋਸ਼ਲ ਮੀਡੀਆ 'ਤੇ ਇਸ ਕਤਲ ਦੀ ਜ਼ਿੰਮੇਵਾਰੀ ਖੁੱਲ੍ਹੇਆਮ ਲੈ ਲਈ ਹੈ।
ਨਿਸ਼ਾਨੇ 'ਤੇ ਕੌਣ? ਸੋਸ਼ਲ ਮੀਡੀਆ ਦਾ ਦਾਅਵਾ
ਗੈਂਗ ਦੇ ਮੈਂਬਰਾਂ ਨੇ ਇੱਕ ਵਾਇਰਲ ਪੋਸਟ ਰਾਹੀਂ ਖੁਲਾਸਾ ਕੀਤਾ ਕਿ ਮ੍ਰਿਤਕ, ਜਿਸ ਦੀ ਪਛਾਣ 'ਮੱਖਣ' ਵਜੋਂ ਹੋਈ ਹੈ, ਉਨ੍ਹਾਂ ਦਾ ਮੁੱਖ ਨਿਸ਼ਾਨਾ ਸੀ। ਪੋਸਟ ਵਿੱਚ ਡੋਨੀ ਬੱਲ, ਅਮਰ ਖੱਬੇ, ਪ੍ਰਭ ਦਾਸੂਵਾਲ, ਮੁਹੱਬਤ ਰੰਧਾਵਾ ਅਤੇ ਕੌਸ਼ਲ ਚੌਧਰੀ ਸਮੇਤ ਕਈਆਂ ਨੇ ਜ਼ਿੰਮੇਵਾਰੀ ਲੈਂਦਿਆਂ ਇਸ ਨੂੰ ਸਿੱਧੂ ਮੂਸੇਵਾਲਾ ਕੇਸ ਅਤੇ ਉਨ੍ਹਾਂ ਦੇ ਆਪਣੇ ਗੈਂਗ ਮੈਂਬਰ 'ਧਰਮੇ' ਦੇ ਕਤਲ ਦਾ ਬਦਲਾ ਦੱਸਿਆ।
ਪੋਸਟ ਵਿੱਚ ਸਿੱਧਾ ਦੋਸ਼ ਲਗਾਇਆ ਗਿਆ ਹੈ ਕਿ ਮੱਖਣ, ਜੱਗੂ ਭਗਵਾਨਪੁਰੀਆ (ਖੋਤੀ) ਦਾ ਖਾਸ ਬੰਦਾ ਸੀ ਅਤੇ ਉਸ ਨੇ ਮੂਸੇਵਾਲਾ ਕਤਲ ਦੇ ਦੋਸ਼ੀਆਂ - ਮਨਦੀਪ ਤੂਫ਼ਾਨ ਅਤੇ ਮਨੀ ਬੁੱਲੜ - ਨੂੰ ਨਾ ਸਿਰਫ਼ ਪਨਾਹ ਦਿੱਤੀ, ਸਗੋਂ ਉਨ੍ਹਾਂ ਦੇ ਹਥਿਆਰ ਵੀ ਸੰਭਾਲਦਾ ਸੀ।
ਗੈਂਗ ਦੀ ਚੇਤਾਵਨੀ: "ਅੱਜ ਅਸੀਂ ਆਪਣੇ ਭਰਾ ਧਰਮੇ ਦਾ ਤੇ ਸਿੱਧੂ ਮੂਸੇਵਾਲਾ ਦਾ ਬਦਲਾ ਲੈ ਲਿਆ ਹੈ। ਜਿਨ੍ਹਾਂ ਨੇ ਗੱਡੀਆਂ ਲੈ ਕੇ ਦਿੱਤੀਆਂ, ਉਹ ਵੀ ਤਿਆਰ ਰਹਿਣ। ਬਾਕੀ ਜਿਹੜਾ ਮੁੱਖਾ ਮਰੜ ਵਾਲਾ ਸਾਡੇ ਹੱਥੋਂ ਬੱਚ ਗਿਆ, ਹੁਣ ਨਹੀਂ ਬੱਚਦਾ ਵਾਰੀ ਸਭ ਦੀ ਆਵੇਗੀ।"
ਪੁਲਿਸ ਦੀ ਕਾਰਵਾਈ ਤੇ ਸੁਰੱਖਿਆ ਪ੍ਰਬੰਧ
ਹਾਲਾਂਕਿ, ਪੁਲਿਸ ਵਿਭਾਗ ਨੇ ਅਜੇ ਤੱਕ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਪੋਸਟ ਜਾਂ ਗੈਂਗਵਾਰ ਦੇ ਐਂਗਲ ਦੀ ਕੋਈ ਰਸਮੀ ਪੁਸ਼ਟੀ ਨਹੀਂ ਕੀਤੀ ਹੈ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ, ਬੱਸ ਸਟੈਂਡ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।
ਏਸੀਪੀ ਗਗਨਦੀਪ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਪੁਲਿਸ ਦੀਆਂ ਕਈ ਟੀਮਾਂ ਦੋਸ਼ੀਆਂ ਦੀ ਭਾਲ ਲਈ ਸਰਗਰਮ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, "ਸ਼ਹਿਰ ਵਿੱਚ ਇਸ ਤਰ੍ਹਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਦੋਸ਼ੀ ਜਲਦੀ ਕਾਬੂ ਕੀਤੇ ਜਾਣਗੇ ਅਤੇ ਸੁਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ।" ਪੁਲਿਸ ਇਸ ਸਮੇਂ ਘਟਨਾ ਵਾਲੀ ਥਾਂ ਦੇ ਸੀਸੀਟੀਵੀ ਫੁਟੇਜ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਅਸਲ ਦੋਸ਼ੀਆਂ ਤੱਕ ਪਹੁੰਚਿਆ ਜਾ ਸਕੇ।
Get all latest content delivered to your email a few times a month.