ਤਾਜਾ ਖਬਰਾਂ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਅਸਥਾਨ, ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਤੋਂ ਲੈ ਕੇ ਜਨਮ ਸਥਾਨ ਗੁਰਦੁਆਰਾ ਗੁਰੂ ਕਾ ਮਹਿਲ ਅੰਮ੍ਰਿਤਸਰ ਤੱਕ ਚੱਲ ਰਹੀ ਵਿਲੱਖਣ ਸਾਈਕਲ ਯਾਤਰਾ, ਜਿਸ ਦੀ ਅਗਵਾਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ ਕਰ ਰਹੇ ਹਨ, ਅੱਜ ਸ਼ਹੀਦਾਂ ਦੀ ਧਰਤੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਪਹੁੰਚੀ। ਯਾਤਰਾ ਦੇ ਪਹੁੰਚਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਗੂਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਪਿੱਛੋਂ ਮਨਜੀਤ ਸਿੰਘ ਜੀਕੇ ਨੇ ਛੋਟੇ ਸਾਹਿਬਜ਼ਾਦਿਆਂ ਦੀ ਅਮਰ ਸ਼ਹੀਦੀ ਨੂੰ ਨਮਨ ਕਰਦੇ ਹੋਏ ਕਿਹਾ ਕਿ ਮਾਝੇ ਖੇਤਰ ਵਿੱਚ ਹੋ ਰਹੇ ਧਰਮ ਪਰਿਵਰਤਨ ਦੇ ਮਾਮਲਿਆਂ ਨੇ ਚਿੰਤਾ ਵਧਾਈ ਹੈ। ਉਹਨਾਂ ਕਿਹਾ ਕਿ ਸਾਡਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਅਤੇ ਨੌਜਵਾਨ ਪੀੜੀ ਨੂੰ ਇਸ ਨਾਲ ਜੋੜਨਾ ਸਮੇਂ ਦੀ ਲੋੜ ਹੈ। ਉਹਨਾਂ ਅਪੀਲ ਕੀਤੀ ਕਿ ਹਰ ਪਰਿਵਾਰ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਲਿਆ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਜਾਣੂ ਕਰਵਾਏ।
ਮਨਜੀਤ ਸਿੰਘ ਜੀਕੇ ਨੇ ਦੱਸਿਆ ਕਿ ਇਹ ਸਾਈਕਲ ਯਾਤਰਾ ਸਿਰਫ਼ ਧਾਰਮਿਕ ਜਾਗਰੂਕਤਾ ਲਈ ਹੀ ਨਹੀਂ, ਸਗੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਸਿਹਤਮੰਦ ਜੀਵਨਸ਼ੈਲੀ ਅਪਣਾਉਣ ਅਤੇ ਵਾਤਾਵਰਨ ਸੰਭਾਲ ਦੀ ਪ੍ਰੇਰਣਾ ਦੇਣ ਲਈ ਵੀ ਹੈ। ਉਹਨਾਂ ਦੱਸਿਆ ਕਿ ਪਹਿਲੇ ਤਿੰਨ ਦਿਨਾਂ ਵਿੱਚ ਕ੍ਰਮਵਾਰ 97, 120 ਅਤੇ 135 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਗਿਆ ਹੈ ਅਤੇ ਅਗਲੇ ਪੜਾਅ ਵੀ ਇਸੇ ਉਤਸ਼ਾਹ ਨਾਲ ਜਾਰੀ ਹਨ।
ਇਸ ਮੌਕੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਭਾਈ ਹਰਪਾਲ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਕਮੇਟੀ ਮੈਂਬਰ ਅਵਤਾਰ ਸਿੰਘ ਰਿਆ ਅਤੇ ਹੋਰ ਅਗਵਾਨਾਂ ਨੇ ਯਾਤਰਾ ਦੇ ਉਦੇਸ਼ ਦੀ ਪ੍ਰਸ਼ੰਸਾ ਕੀਤੀ। ਉਹਨਾਂ ਕਿਹਾ ਕਿ ਇਹ ਯਾਤਰਾ ਨੌਜਵਾਨਾਂ ਨੂੰ ਸਿੱਖ ਇਤਿਹਾਸ, ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਅਤੇ ਜੀਵਨ ਦਰਸ਼ਨ ਨਾਲ ਰੂਬਰੂ ਕਰਾਉਣ ਦੇ ਨਾਲ ਨਾਲ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਵੀ ਵੱਡਾ ਸੁਨੇਹਾ ਦੇ ਰਹੀ ਹੈ।
Get all latest content delivered to your email a few times a month.