ਤਾਜਾ ਖਬਰਾਂ
“ਉੱਗਣ ਵਾਲੇ ਉਗ ਜਾਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ”-ਇਹ ਕਹਾਵਤ 18 ਸਾਲਾ ਜਾਨਵੀ ਜਿੰਦਲ 'ਤੇ ਸਹੀ ਸਾਬਿਤ ਹੁੰਦੀ ਹੈ। ਚੰਡੀਗੜ੍ਹ ਦੀ ਇਸ ਨੌਜਵਾਨ ਖਿਡਾਰਨ ਨੇ ਫਰੀਸਟਾਈਲ ਸਕੇਟਿੰਗ ਵਿੱਚ ਆਪਣੀ ਬੇਮਿਸਾਲ ਕਾਬਲੀਅਤ ਨਾਲ 6 ਨਵੇਂ ਗਿਨੀਜ਼ ਵਰਲਡ ਰਿਕਾਰਡ ਬਣਾਕੇ ਦੇਸ਼ ਦਾ ਮਾਣ ਵਧਾਇਆ ਹੈ। ਇਸ ਨਾਲ ਜਾਨਵੀ ਦੇ ਕੁੱਲ ਗਿਨੀਜ਼ ਰਿਕਾਰਡਾਂ ਦੀ ਗਿਣਤੀ 11 ਹੋ ਗਈ ਹੈ ਅਤੇ ਉਹ ਭਾਰਤ ਦੀ ਪਹਿਲੀ ਮਹਿਲਾ ਹੈ ਜਿਸ ਨੇ ਇਸ ਤਰ੍ਹਾਂ ਦੀ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ। ਇਸ ਸਮੇਂ ਉਹ ਦੇਸ਼ ਵਿੱਚ, ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ (19 ਰਿਕਾਰਡ) ਤੋਂ ਬਾਅਦ, ਦੂਜੇ ਸਥਾਨ 'ਤੇ ਹੈ।
ਪਿਛਲੇ ਹਫ਼ਤੇ ਜਾਨਵੀ ਨੇ ਇਨਲਾਈਨ ਸਕੇਟਿੰਗ ਦੇ ਕਈ ਚੈਲੇੰਜਿੰਗ ਸ਼੍ਰੇਣੀਆਂ ਵਿੱਚ 6 ਰਿਕਾਰਡ ਬਣਾਕੇ ਸਭ ਨੂੰ ਹੈਰਾਨ ਕਰ ਦਿੱਤਾ। ਇਨ੍ਹਾਂ ਵਿੱਚ 30 ਸਕਿੰਟ ਅਤੇ ਇੱਕ ਮਿੰਟ ਵਿੱਚ 360 ਡਿਗਰੀ ਸਪਿੰਸ ਦੀਆਂ ਸਭ ਤੋਂ ਵੱਧ ਗਿਣਤੀਆਂ ਅਤੇ ਇੱਕ-ਟਾਇਰ 360 ਡਿਗਰੀ ਸਪਿੰਸ ਦੇ ਨਵੇਂ ਮੀਲ ਪੱਥਰ ਸ਼ਾਮਲ ਹਨ। ਇਸ ਤੋਂ ਪਹਿਲਾਂ ਜੁਲਾਈ 2025 ਵਿੱਚ ਵੀ ਉਸ ਨੇ 5 ਰਿਕਾਰਡ ਹਾਸਲ ਕੀਤੇ ਸਨ। ਕੁੱਲ ਮਿਲਾ ਕੇ, ਇਸ ਨਵੀਂ ਉਮਰ ਦੀ ਖਿਡਾਰਨ ਨੇ ਉਹ ਮਿਹਨਤ ਅਤੇ ਸੰਕਲਪ ਦਿਖਾਇਆ ਹੈ ਜੋ ਕਿਸੇ ਵੀ ਵਿਸ਼ਵ-ਪੱਧਰੀ ਖਿਡਾਰੀ ਵਿੱਚ ਹੀ ਦੇਖਣ ਨੂੰ ਮਿਲਦਾ ਹੈ।
ਜਾਨਵੀ ਨੇ ਆਪਣੇ ਪਿਤਾ ਮਨੀਸ਼ ਜਿੰਦਲ ਦੇ ਨਾਲ ਰਾਜ ਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨਾਲ ਮੁਲਾਕਾਤ ਕੀਤੀ। ਸੰਧੂ ਨੇ ਉਸ ਨੂੰ 11 ਹਜ਼ਾਰ ਰੁਪਏ ਦਾ ਪ੍ਰਸਕਾਰ, ਸਪੋਰਟਸ ਸਕਾਲਰਸ਼ਿਪ ਅਤੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਦਾਖਲੇ ਦੀ ਪੇਸ਼ਕਸ਼ ਕਰਕੇ ਉਸ ਦਾ ਹੌਸਲਾ ਵਧਾਇਆ। ਯੂਨੀਵਰਸਿਟੀ ਦੇ ਅਨੁਸਾਰ, ਜਾਨਵੀ ਵਰਗੇ ਖਿਡਾਰੀ ਦੇਸ਼ ਦੀ ਨਵੀਂ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਹਨ ਅਤੇ ਯੂਨੀਵਰਸਿਟੀ ਇਸ ਤਰ੍ਹਾਂ ਦੇ ਟੈਲੈਂਟ ਨੂੰ ਅੱਗੇ ਵਧਾਉਣ ਲਈ ਹਮੇਸ਼ਾ ਸਮਰਪਿਤ ਰਹੇਗੀ।
ਚੰਡੀਗੜ੍ਹ ਦੇ ਸਰਕਾਰੀ ਸਕੂਲ ਵਿੱਚ 12ਵੀਂ ਕਲਾਸ ਦੀ ਵਿਦਿਆਰਥਣ ਜਾਨਵੀ ਨੇ ਕਿਸੇ ਪੇਸ਼ੇਵਰ ਕੋਚ ਦੇ ਬਗੈਰ, ਸਿਰਫ਼ ਇੰਟਰਨੈੱਟ ਅਤੇ ਪਿਤਾ ਦੇ ਸਹਿਯੋਗ ਨਾਲ ਫਰੀਸਟਾਈਲ ਸਕੇਟਿੰਗ ਸਿੱਖੀ। ਇਹ ਸਫ਼ਰ ਇਥੇ ਨਹੀਂ ਰੁਕਿਆ। 8 ਸਾਲ ਦੀ ਉਮਰ ਵਿੱਚ 30 ਫੁੱਟ ਦੀ ਉਚਾਈ ਤੋਂ ਨਦੀ ਵਿੱਚ ਛਾਲ ਮਾਰਨ ਦਾ ਦਿਲਚਸਪ ਕਾਰਨਾਮਾ, ਤਿੰਨ ਸੋਨੇ ਅਤੇ ਕਈ ਚਾਂਦੀ ਦੇ ਤਮਗੇ, ਅਤੇ ਆਉਣ ਵਾਲੀ ਕੌਮੀ ਚੈਂਪੀਅਨਸ਼ਿਪ ਦੀ ਤਿਆਰੀ-ਜਾਨਵੀ ਦਾ ਹਰ ਕਦਮ ਉਸ ਦੀ ਅਟੱਲ ਦ੍ਰਿੜਤਾ ਦਾ ਸਬੂਤ ਹੈ।
ਜਾਨਵੀ ਦਾ ਮਨੋਰਥ ਨਾ ਸਿਰਫ਼ ਹੋਰ ਵਿਸ਼ਵ ਰਿਕਾਰਡ ਬਣਾਉਣਾ ਹੈ, ਸਗੋਂ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਨਾ ਵੀ ਹੈ। ਉਸ ਦਾ ਕਹਿਣਾ ਹੈ ਕਿ ਸਾਧਨਾਂ ਦੀ ਘਾਟ ਉਸ ਦਾ ਜਜ਼ਬਾ ਘਟਾ ਨਹੀਂ ਸਕਦੀ। ਉਹ ਪੇਸ਼ੇਵਰ ਕੋਚਿੰਗ ਅਤੇ ਬਿਹਤਰ ਸਹਿਯੋਗ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਲਈ ਮੈਡਲ ਜਿੱਤਣਾ ਚਾਹੁੰਦੀ ਹੈ। ਉਸ ਦੇ ਪਿਤਾ ਮਨੀਸ਼ ਜਿੰਦਲ ਦੇ ਬਚਨਾਂ ਵਿੱਚ ਵੀ ਮਾਣ ਅਤੇ ਉਮੀਦ ਦੀ ਚਮਕ ਹੈ, ਕਿਉਂਕਿ ਜਾਨਵੀ ਦੇ 21 ਵੱਖ-ਵੱਖ ਰਿਕਾਰਡ ਉਸ ਦੀ ਅਸਾਧਾਰਣ ਖਿਡਾਰੀ ਜਿੰਦਗੀ ਦੀ ਗਵਾਹੀ ਦਿੰਦੇ ਹਨ।
Get all latest content delivered to your email a few times a month.