IMG-LOGO
ਹੋਮ ਪੰਜਾਬ: ਪੰਜਾਬ ਕੈਬਨਿਟ ਵੱਲੋਂ ‘ਨਵੀਂ ਦਿਸ਼ਾ’ ਯੋਜਨਾ ਨੂੰ ਹਰੀ ਝੰਡੀ: ਔਰਤਾਂ...

ਪੰਜਾਬ ਕੈਬਨਿਟ ਵੱਲੋਂ ‘ਨਵੀਂ ਦਿਸ਼ਾ’ ਯੋਜਨਾ ਨੂੰ ਹਰੀ ਝੰਡੀ: ਔਰਤਾਂ ਦੀ ਸਿਹਤ ਲਈ ਵੱਡਾ ਫੈਸਲਾ - ਡਾ. ਬਲਜੀਤ ਕੌਰ

Admin User - Nov 17, 2025 04:05 PM
IMG

ਚੰਡੀਗੜ੍ਹ, 17 ਨਵੰਬਰ:

ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਮੁਫ਼ਤ ਸੈਨੇਟਰੀ ਨੈਪਕਿਨ ਵੰਡ ਪ੍ਰੋਗਰਾਮ ਦੇ ਪੁਨਰਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸਦਾ ਨਵਾਂ ਨਾਮ ਹੁਣ ‘ਨਵੀਂ ਦਿਸ਼ਾ ਯੋਜਨਾ’ ਰੱਖਿਆ ਗਿਆ ਹੈ। ਇਸ ਫ਼ੈਸਲੇ ਦਾ ਉਦੇਸ਼ ਰਾਜ ਭਰ ਵਿੱਚ ਇੱਕ ਭਰੋਸੇਮੰਦ, ਸੁਚਾਰੂ ਅਤੇ ਪਾੜਾ ਰਹਿਤ ਲਾਗੂਕਰਨ ਪ੍ਰਣਾਲੀ ਨੂੰ ਯਕੀਨੀ ਬਣਾਉਣਾ ਹੈ।

ਸੁਧਾਰ ਕੀਤੀ ਯੋਜਨਾ ਦੇ ਤਹਿਤ, ਲੋੜਵੰਦ ਔਰਤਾਂ ਨੂੰ ਪ੍ਰਤੀ ਮਹੀਨਾ 9 ਸੈਨੇਟਰੀ ਨੈਪਕਿਨ ਨਿਯਮਿਤ ਤੌਰ ’ਤੇ ਆਂਗਣਵਾੜੀ ਕੇਂਦਰਾਂ ਰਾਹੀਂ ਵੰਡੇ ਜਾਣਗੇ। ਪ੍ਰਤੀ ਆਂਗਣਵਾੜੀ ਕੇਂਦਰ 50 ਲਾਭਪਾਤਰੀਆਂ ਦੇ ਟੀਚੇ ਅਧੀਨ, ਹਰ ਮਹੀਨੇ ਘੱਟੋ-ਘੱਟ 13,65,700 ਔਰਤਾਂ ਨੂੰ ਕਵਰ ਕਰਨ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਯੋਗ ਲਾਭਪਾਤਰੀਆਂ ਦੀ ਗਿਣਤੀ ਹੋਰ ਵਧਾਉਣ ਲਈ ਵੀ ਯਤਨ ਕੀਤੇ ਜਾਣਗੇ ਤਾਂ ਜੋ ਹਰ ਔਰਤ ਤੱਕ ਇਹ ਸਹੂਲਤ ਪਹੁੰਚੇ।

ਯੋਜਨਾ ਦੇ ਸੁਚਾਰੂ ਲਾਗੂਕਰਨ ਲਈ ਪੰਜਾਬ ਕੈਬਨਿਟ ਨੇ ₹53 ਕਰੋੜ ਦੀ ਰਕਮ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਨਵੇਂ ਢਾਂਚੇ ਵਿੱਚ ਖਰੀਦ, ਆਵਾਜਾਈ, ਵੰਡ, ਨਿਗਰਾਨੀ ਅਤੇ ਗੁਣਵੱਤਾ ਜਾਂਚ ਸਬੰਧੀ ਸਪਸ਼ਟ ਅਤੇ ਮਜ਼ਬੂਤ ਨਿਯਮ ਸ਼ਾਮਲ ਹਨ, ਜਿਨ੍ਹਾਂ ਦਾ ਉਦੇਸ਼ ਪਹਿਲਾਂ ਦਰਪੇਸ਼ ਬੇਨਿਯਮੀਆਂ ਨੂੰ ਖਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਯੋਜਨਾ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤੀ ਨਾਲ ਲਾਗੂ ਕਰਨ ਲਈ ਆਂਗਣਵਾੜੀ ਵਰਕਰਾਂ ਨੂੰ ਜਰੂਰੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।

ਪਾਰਦਰਸ਼ਤਾ ਅਤੇ ਜਵਾਬਦੇਹੀ ਵਧਾਉਣ ਲਈ, ਯੋਜਨਾ ਦੇ ਅਧੀਨ ਮੋਬਾਈਲ ਐਪਲੀਕੇਸ਼ਨ, ਡਿਜ਼ੀਟਲ ਡੈਸ਼ਬੋਰਡ ਅਤੇ ਹੋਰ ਆਈ.ਟੀ. ਟੂਲ ਰਾਹੀਂ ਅਸਲ-ਸਮੇਂ ਦੇ ਡਾਟਾ ਦੀ ਨਿਗਰਾਨੀ ਅਤੇ ਸਮੀਖਿਆ ਕੀਤੀ ਜਾਵੇਗੀ। ਇਸ ਨਾਲ ਸਪਲਾਈ ਚੇਨ ਦਾ ਪੂਰਾ ਰਿਕਾਰਡ ਡਿਜ਼ੀਟਲ ਹੋਵੇਗਾ ਅਤੇ ਹਰ ਪੱਧਰ ’ਤੇ ਪਾਰਦਰਸ਼ਤਾ ਯਕੀਨੀ ਬਣੇਗੀ।

ਉਨ੍ਹਾਂ ਕਿਹਾ ਕਿ ਔਰਤਾਂ ਅਤੇ ਲੜਕੀਆਂ ਨੂੰ ਸਿਹਤਮੰਦ ਮਾਹਵਾਰੀ ਅਭਿਆਸਾਂ, ਸਫਾਈ ਅਤੇ ਸਮੁੱਚੀ ਤੰਦਰੁਸਤੀ ਬਾਰੇ ਸਿੱਖਿਅਤ ਕਰਨ ਲਈ ਜਾਗਰੂਕਤਾ ਅਤੇ ਆਈ.ਈ.ਸੀ ਮੁਹਿੰਮ ਵੀ ਚਲਾਈ ਜਾਵੇਗੀ।

ਡਾ. ਬਲਜੀਤ ਕੌਰ ਨੇ ਕਿਹਾ ਕਿ ਲਾਗੂਕਰਨ ਦੀ ਪ੍ਰਗਤੀ ਦਾ ਮੁਲਾਂਕਣ ਕਰਨ ਲਈ ਦੋ ਸਾਲਾਂ ਬਾਅਦ ਯੋਜਨਾ ਦੀ ਸਮੀਖਿਆ ਕੀਤੀ ਜਾਵੇਗੀ, ਤਾਂ ਜੋ ਹੋਰ ਬਿਹਤਰੀ ਲਈ ਲਾਜ਼ਮੀ ਕਦਮ ਚੁੱਕੇ ਜਾ ਸਕਣ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.