ਤਾਜਾ ਖਬਰਾਂ
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਸਾਬਕਾ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਕਮਾਲ ਅਤੇ ਪੁਲਿਸ ਮੁਖੀ ਚੌਧਰੀ ਅਬਦੁੱਲਾ ਅਲ-ਮਾਮੂਨ ਵਿਰੁੱਧ ਚੱਲ ਰਹੇ ਮਨੁੱਖਤਾ ਵਿਰੁੱਧ ਅਪਰਾਧਾਂ ਦੇ ਕੇਸ ਵਿੱਚ ਅੱਜ ਢਾਕਾ ਦੀ ਅੰਤਰਰਾਸ਼ਟਰੀ ਅਪਰਾਧਿਕ ਟ੍ਰਿਬਿਊਨਲ (ICT) ਨੇ ਇਤਿਹਾਸਕ ਫ਼ੈਸਲਾ ਸੁਣਾਇਆ। ਤਿੰਨ ਜੱਜਾਂ ਦੀ ਬੈਂਚ, ਜਿਸਦੀ ਅਗਵਾਈ ਜਸਟਿਸ ਗੁਲਾਮ ਮੁਰਤਜ਼ਾ ਕਰ ਰਹੇ ਸਨ, ਨੇ 400 ਪੰਨਿਆਂ ਦੇ ਫ਼ੈਸਲੇ ਵਿਚ ਹਸੀਨਾ ਅਤੇ ਕਮਾਲ ਨੂੰ ਪ੍ਰਦਰਸ਼ਨ ਦਬਾਉਣ ਦੀ ਸਾਜ਼ਿਸ਼ ਦਾ ਮੁੱਖ ਜ਼ਿੰਮੇਵਾਰ ਕਰਾਰ ਦਿੱਤਾ ਅਤੇ ਦੋਹਾਂ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ।
ਟ੍ਰਿਬਿਊਨਲ ਨੇ ਕਿਹਾ ਕਿ ਅਗਸਤ 2024 ਦੇ ਵਿਦਿਆਰਥੀ ਵਿਰੋਧ ਪ੍ਰਦਰਸ਼ਨਾਂ ਦੌਰਾਨ ਦਹੀਆਂ ਹੱਤਿਆਵਾਂ ਸਿੱਧੇ ਤੌਰ 'ਤੇ ਰਾਜਕੱਜ ਦੇ ਸਭ ਤੋਂ ਉੱਚੇ ਅਹੁਦਿਆਂ ਤੋਂ ਆਏ ਹੁਕਮਾਂ ਦਾ ਨਤੀਜਾ ਸਨ। ਫੈਸਲੇ ਵਿੱਚ ਦਰਸਾਇਆ ਗਿਆ ਕਿ ਸ਼ੇਖ ਹਸੀਨਾ ਨੇ ਹੈਲੀਕਾਪਟਰਾਂ ਅਤੇ ਘਾਤਕ ਹਥਿਆਰਾਂ ਦੀ ਵਰਤੋਂ ਕਰਕੇ ਪ੍ਰਦਰਸ਼ਨਕਾਰੀਆਂ ਨੂੰ "ਕਿਸੇ ਵੀ ਕੀਮਤ 'ਤੇ ਖਾਲੀ ਕਰਵਾਉਣ" ਦੇ ਆਦੇਸ਼ ਦਿੱਤੇ। ਗ੍ਰਹਿ ਮੰਤਰੀ ਕਮਾਲ ਉੱਤੇ ਇਨ੍ਹਾਂ ਹੁਕਮਾਂ ਨੂੰ ਅਮਲੀ ਜਾਮਾ ਪਹਿਨਾਉਣ ਦਾ ਦੋਸ਼ ਲੱਗਾ।
ਦੂਜੇ ਪਾਸੇ, ਤਤਕਾਲੀ ਪੁਲਿਸ ਮੁਖੀ ਚੌਧਰੀ ਅਬਦੁੱਲਾ ਅਲ-ਮਾਮੂਨ ਨੇ ਟ੍ਰਿਬਿਊਨਲ ਅੱਗੇ ਸਰਕਾਰੀ ਗਵਾਹ ਬਣ ਕੇ ਪੂਰੀ ਸਾਜ਼ਿਸ਼ ਦਾ ਖੁਲਾਸਾ ਕੀਤਾ। ਉਸਦੇ ਬਿਆਨਾਂ ਨੂੰ "ਫੈਸਲੇ ਲਈ ਨਿਰਣਾਇਕ" ਕਰਾਰ ਦਿੰਦਿਆਂ, ਅਦਾਲਤ ਨੇ ਉਸਨੂੰ ਦੋਸ਼ੀ ਤਾਂ ਜ਼ਰੂਰ ਮੰਨਿਆ, ਪਰ ਸਬੂਤਾਂ ਦੀ ਘਾਟ ਅਤੇ ਸਹਿਯੋਗ ਨੂੰ ਧਿਆਨ ਵਿੱਚ ਰੱਖਦਿਆਂ ਸਜ਼ਾ ਘੱਟ ਕਰ ਦਿੱਤੀ।
ਫੈਸਲਾ ਸੁਣਾਉਂਦੇ ਹੀ ਅਦਾਲਤ ਅੰਦਰ ਬੈਠੇ ਕੁਝ ਲੋਕਾਂ ਨੇ ਤਾੜੀਆਂ ਵਜਾ ਕੇ ਪ੍ਰਤੀਕ੍ਰਿਆ ਦਿੱਤੀ। ਇਸਦੇ ਤੁਰੰਤ ਬਾਅਦ ਹੀ ਦੇਸ਼ ਭਰ ਵਿੱਚ ਹਿੰਸਕ ਵਾਤਾਵਰਣ ਬਣ ਗਿਆ। ਢਾਕਾ ਵਿੱਚ 15,000 ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਅਤੇ ਹਿੰਸਕ ਭੀੜ ਨੂੰ ਰੋਕਣ ਲਈ ਅਧਿਕਾਰੀਆਂ ਨੂੰ ਗੋਲੀ ਚਲਾਉਣ ਦੇ ਸਿੱਧੇ ਹੁਕਮ ਮਿਲੇ ਹਨ। ਸ਼ਨੀਵਾਰ ਰਾਤ ਤੋਂ ਐਤਵਾਰ ਸਵੇਰ ਤੱਕ ਰਾਜਧਾਨੀ ਵਿੱਚ ਦੋ ਬੱਸਾਂ ਨੂੰ ਅੱਗ ਲਗਾ ਦਿੱਤੀ ਗਈ।
ਇਹ ਸਾਰੀਆਂ ਕਾਰਵਾਈਆਂ ਉਸ ਸਮੇਂ ਹੋ ਰਹੀਆਂ ਹਨ ਜਦੋਂ ਹਸੀਨਾ ਪਿਛਲੇ ਤਖ਼ਤਾਪਲਟ ਤੋਂ ਬਾਅਦ ਲਗਭਗ 15 ਮਹੀਨਿਆਂ ਤੋਂ ਭਾਰਤ ਵਿੱਚ ਰਹਿ ਰਹੀ ਹੈ।
ਇਨ੍ਹਾਂ ਤਿੰਨੋਂ ਨੇਤਾਵਾਂ 'ਤੇ ਕਤਲ, ਕਤਲ ਦੀ ਕੋਸ਼ਿਸ਼, ਤਸ਼ੱਦਦ, ਅਤੇ ਅਣਮਨੁੱਖੀ ਕਾਰਵਾਈਆਂ ਸਮੇਤ ਪੰਜ ਗੰਭੀਰ ਦੋਸ਼ ਲਗੇ ਸਨ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫ਼ਤਰ ਦੀ ਇੱਕ ਰਿਪੋਰਟ ਅਨੁਸਾਰ, “ਜੁਲਾਈ ਵਿਦਰੋਹ” ਦੌਰਾਨ ਕੇਵਲ ਇੱਕ ਮਹੀਨੇ (15 ਜੁਲਾਈ–15 ਅਗਸਤ 2024) ਵਿੱਚ ਲਗਭਗ 1,400 ਲੋਕ ਮਾਰੇ ਗਏ ਸਨ, ਜੋ ਇਸ ਮੁਕੱਦਮੇ ਵਿੱਚ ਪੇਸ਼ ਹੋਈਆਂ ਸਭ ਤੋਂ ਮਹੱਤਵਪੂਰਨ ਗਵਾਹੀਆਂ 'ਚੋਂ ਇੱਕ ਹੈ।
Get all latest content delivered to your email a few times a month.