ਤਾਜਾ ਖਬਰਾਂ
ਦੱਖਣੀ-ਪੂਰਬੀ ਲੋਕਤਾਂਤਰਿਕ ਗਣਰਾਜ ਕਾਂਗੋ (DRC) ਵਿੱਚ ਇੱਕ ਭਿਆਨਕ ਪੁਲ ਹਾਦਸਾ ਵਾਪਰਿਆ ਹੈ। ਕੋਬਾਲਟ ਦੀ ਖਾਣ ਢਹਿਣ ਕਾਰਨ ਪੁਲ ਟੁੱਟ ਗਿਆ ਅਤੇ ਮੌਕੇ 'ਤੇ ਹੀ ਲਗਭਗ 50 ਲੋਕਾਂ ਦੀ ਮੌਤ ਹੋ ਗਈ। 20 ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਲੁਆਲਾਬਾ ਸੂਬੇ ਦੇ ਮੁਲੋਂਡੋ ਸ਼ਹਿਰ ਵਿੱਚ ਕਾਲਾਂਡੋ ਖਾਣ (Mine) ਵਿੱਚ ਹੋਇਆ ਅਤੇ ਇਸ ਹਾਦਸੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਉੱਥੇ ਹੀ, ਲੁਆਲਾਬਾ ਦੇ ਗ੍ਰਹਿ ਮੰਤਰੀ ਰੌਏ ਕੌਂਬਾ ਨੇ 32 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ।
ਗ੍ਰਹਿ ਮੰਤਰੀ ਰੌਏ ਕੌਂਬਾ ਮਾਯੋਂਡੇ ਨੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਹਾਦਸੇ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ (ਲੈਂਡਸਲਾਈਡ) ਕਾਰਨ ਖਾਣ ਬੰਦ ਸੀ। ਕੋਈ ਕੰਮ ਨਹੀਂ ਕੀਤਾ ਜਾ ਰਿਹਾ ਸੀ ਅਤੇ ਮਜ਼ਦੂਰਾਂ ਦੇ ਦਾਖਲੇ 'ਤੇ ਵੀ ਪਾਬੰਦੀ ਸੀ, ਪਰ ਇਸ ਦੇ ਬਾਵਜੂਦ ਗੈਰ-ਕਾਨੂੰਨੀ ਤਰੀਕੇ ਨਾਲ ਮਾਈਨਿੰਗ ਵਿੱਚ ਕੰਮ ਚੱਲ ਰਿਹਾ ਸੀ ਅਤੇ ਮਜ਼ਦੂਰ ਜ਼ਬਰਦਸਤੀ ਖਾਣ ਵਿੱਚ ਦਾਖਲ ਹੋ ਗਏ ਸਨ। ਜਦੋਂ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕਣ ਲਈ ਗੋਲੀਬਾਰੀ ਕੀਤੀ ਤਾਂ ਮਜ਼ਦੂਰਾਂ ਵਿੱਚ ਭਗਦੜ ਮਚ ਗਈ ਅਤੇ ਉਹ ਪੁਲ ਵੱਲ ਦੌੜੇ, ਜਿਸ ਕਾਰਨ ਖਾਣ ਢਹਿ ਗਈ ਅਤੇ ਪੁਲ ਟੁੱਟਣ ਨਾਲ ਮਲਬਾ ਉਨ੍ਹਾਂ ਉੱਪਰ ਡਿੱਗ ਗਿਆ।
ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਈ ਲੋਕ ਖਾਣ ਦੇ ਅੰਦਰ ਖੜ੍ਹੇ ਹਨ ਅਤੇ ਅਚਾਨਕ ਖਾਣ ਦਾ ਇੱਕ ਹਿੱਸਾ ਢਹਿ ਜਾਂਦਾ ਹੈ। ਫਿਰ ਲੋਕ ਭੱਜਣ ਲੱਗਦੇ ਹਨ ਤਾਂ ਖਾਣ ਅਤੇ ਪੁਲ ਭਰਭਰਾ ਕੇ ਲੋਕਾਂ ਉੱਪਰ ਡਿੱਗ ਜਾਂਦੇ ਹਨ, ਜਿਸ ਨਾਲ ਧੂੜ ਦਾ ਗੁਬਾਰ ਉੱਡਦਾ ਹੈ। ਚੀਕ-ਪੁਕਾਰ ਮਚ ਜਾਂਦੀ ਹੈ ਅਤੇ ਲੋਕ ਇੱਕ ਦੂਜੇ ਦੇ ਉੱਪਰ ਡਿੱਗ ਜਾਂਦੇ ਹਨ। ਧੂੜ ਦੇ ਗੁਬਾਰ ਵਿੱਚ ਦਮ ਘੁੱਟਣ ਅਤੇ ਮਲਬੇ ਹੇਠ ਦੱਬਣ ਕਾਰਨ ਲੋਕਾਂ ਦੀ ਮੌਤ ਹੋਈ। ਮਨੁੱਖੀ ਅਧਿਕਾਰ ਕਮਿਸ਼ਨ ਨੇ ਹਾਦਸੇ ਵਿੱਚ ਸੈਨਾ, ਪੁਲਿਸ ਅਤੇ ਲੋਕਾਂ ਦੀ ਭੂਮਿਕਾ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।
ਦੱਸ ਦਈਏ ਕਿ ਕਾਂਗੋ ਵਿੱਚ ਦੁਨੀਆ ਦਾ ਸਭ ਤੋਂ ਵੱਧ ਕੋਬਾਲਟ ਪੈਦਾ ਹੁੰਦਾ ਹੈ। ਕੋਬਾਲਟ ਦੀ ਵਰਤੋਂ ਇਲੈਕਟ੍ਰਿਕ ਵਾਹਨਾਂ ਅਤੇ ਹੋਰ ਇਲੈਕਟ੍ਰਿਕ ਉਤਪਾਦਾਂ ਲਈ ਬੈਟਰੀ ਬਣਾਉਣ ਵਿੱਚ ਹੁੰਦੀ ਹੈ, ਇਸ ਲਈ ਦੁਨੀਆ ਭਰ ਦੇ ਦੇਸ਼ਾਂ ਨੂੰ ਇਸਦੀ ਜ਼ਰੂਰਤ ਪੈਂਦੀ ਹੈ, ਪਰ ਇਸ ਦੇਸ਼ ਵਿੱਚ ਕੋਬਾਲਟ ਉਤਪਾਦਨ 'ਤੇ ਚੀਨ ਦਾ ਕੰਟਰੋਲ ਹੈ। ਗਰੀਬੀ ਕਾਰਨ ਕਾਂਗੋ ਵਿੱਚ ਬਾਲ ਮਜ਼ਦੂਰੀ ਅਤੇ ਮਾਈਨਿੰਗ ਵਿੱਚ ਭ੍ਰਿਸ਼ਟਾਚਾਰ ਵੀ ਸਿਖਰ 'ਤੇ ਹੈ, ਪਰ ਖਾਣ ਵਿੱਚ ਮਜ਼ਦੂਰੀ ਕਾਂਗੋ ਦੇ ਲੋਕਾਂ ਲਈ ਰੋਜ਼ੀ-ਰੋਟੀ ਦਾ ਮੁੱਖ ਸਾਧਨ ਹੈ। ਭ੍ਰਿਸ਼ਟਾਚਾਰ ਅਤੇ ਗੈਰ-ਕਾਨੂੰਨੀ ਢੰਗ ਨਾਲ ਮਾਈਨਿੰਗ ਕਾਰਨ ਅਕਸਰ ਖਾਣਾਂ ਵਿੱਚ ਹਾਦਸੇ ਹੁੰਦੇ ਹਨ।
Get all latest content delivered to your email a few times a month.