ਤਾਜਾ ਖਬਰਾਂ
ਅੰਮ੍ਰਿਤਸਰ: ਪੰਜਾਬੀ ਸੰਗੀਤ ਇੰਡਸਟਰੀ ਨੂੰ ਇੱਕ ਵਾਰ ਫੇਰ ਤੋਂ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪ੍ਰਸਿੱਧ ਗੀਤਕਾਰ ਨਿੰਮਾ ਲੋਹਾਰਕਾ (48) ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੇ ਦੇਹਾਂਤ ਨਾਲ ਪੰਜਾਬੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ, ਨਿੰਮਾ ਲੋਹਾਰਕਾ ਪਿਛਲੇ ਕੁਝ ਦਿਨਾਂ ਤੋਂ ਸਿਹਤ ਠੀਕ ਨਾ ਹੋਣ ਕਾਰਨ ਬਿਮਾਰ ਸਨ।
500 ਤੋਂ ਵੱਧ ਗੀਤਾਂ ਦੇ ਰਚੇਤਾ
ਗੀਤਕਾਰ ਨਿੰਮਾ ਲੋਹਾਰਕਾ ਨੇ ਆਪਣੇ ਜੀਵਨ ਕਾਲ ਵਿੱਚ 500 ਤੋਂ ਵੱਧ ਗੀਤ ਲਿਖੇ ਅਤੇ ਲਗਭਗ 150 ਗਾਇਕਾਂ ਨੂੰ ਹਿੱਟ ਗੀਤ ਦੇ ਕੇ ਉਨ੍ਹਾਂ ਦੀ ਪਛਾਣ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ।
ਉਨ੍ਹਾਂ ਦਾ ਪੂਰਾ ਨਾਂ ਨਿਰਮਲ ਸਿੰਘ ਸੀ। ਉਨ੍ਹਾਂ ਦਾ ਜਨਮ 24 ਮਾਰਚ, 1977 ਨੂੰ ਅੰਮ੍ਰਿਤਸਰ ਦੀ ਅਜਨਾਲਾ ਤਹਿਸੀਲ ਦੇ ਪਿੰਡ ਲੋਹਾਰਕਾ ਵਿੱਚ ਕਿਸਾਨ ਮਾਤਾ ਦਲਬੀਰ ਕੌਰ ਅਤੇ ਪਿਤਾ ਦਰਸ਼ਨ ਸਿੰਘ ਦੇ ਘਰ ਹੋਇਆ ਸੀ।
ਸਟਾਰ ਗਾਇਕਾਂ ਨੂੰ ਦਿੱਤੀ ਪਛਾਣ
ਨਿੰਮਾ ਲੋਹਾਰਕਾ ਦੀ ਕਲਮ ਵਿੱਚ ਉਹ ਤਾਕਤ ਸੀ, ਜਿਸ ਨੇ ਕਈ ਗਾਇਕਾਂ ਨੂੰ ਸਟਾਰ ਬਣਾ ਦਿੱਤਾ। ਉਨ੍ਹਾਂ ਨੇ ਜਿਨ੍ਹਾਂ ਪ੍ਰਮੁੱਖ ਗਾਇਕਾਂ ਲਈ ਗੀਤ ਲਿਖੇ, ਉਨ੍ਹਾਂ ਵਿੱਚ ਦਿਲਜੀਤ ਦੋਸਾਂਝ, ਰਵਿੰਦਰ ਗਰੇਵਾਲ, ਮਲਕੀਤ ਸਿੰਘ, ਫ਼ਿਰੋਜ਼ ਖ਼ਾਨ, ਹਰਭਜਨ ਸ਼ੇਰਾ, ਨਛੱਤਰ ਗਿੱਲ, ਇੰਦਰਜੀਤ ਨਿੱਕੂ, ਅਮ੍ਰਿੰਤ ਗਿੱਲ, ਲਖਵਿੰਦਰ ਵਡਾਲੀ, ਅਤੇ ਕੁਲਵਿੰਦਰ ਢਿੱਲੋਂ ਵਰਗੇ ਨਾਮ ਸ਼ਾਮਲ ਹਨ।
ਬਚਪਨ ਤੋਂ ਸੀ ਗੀਤਕਾਰੀ ਦਾ ਸ਼ੌਕ
ਇੱਕ ਇੰਟਰਵਿਊ ਵਿੱਚ ਨਿੰਮਾ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਪਿੰਡ ਵਿੱਚ ਪੜ੍ਹਦਿਆਂ ਹੀ ਚੌਥੀ ਜਮਾਤ ਵਿੱਚ ਗੀਤ ਲਿਖਣ ਦਾ ਸ਼ੌਕ ਪੈਦਾ ਹੋ ਗਿਆ ਸੀ।
ਗੀਤਕਾਰ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਲੋਹਾਰਕਾ ਵਿੱਚ ਕੀਤਾ ਜਾਵੇਗਾ। ਪੰਜਾਬੀ ਸੰਗੀਤ ਜਗਤ ਇਸ ਮਹਾਨ ਕਲਾਕਾਰ ਦੇ ਵਿਛੋੜੇ ਨਾਲ ਸਦਮੇ ਵਿੱਚ ਹੈ।
Get all latest content delivered to your email a few times a month.