ਤਾਜਾ ਖਬਰਾਂ
ਪੰਜਾਬੀ ਗਾਇਕੀ ਦੇ ਸਟਾਰ ਦਿਲਜੀਤ ਦੋਸਾਂਝ ਇਸ ਸਮੇਂ ਆਸਟ੍ਰੇਲੀਆ ਵਿੱਚ ਆਪਣੇ 'ਓਰਾ ਟੂਰ 2025' ਨੂੰ ਲੈ ਕੇ ਸੁਰਖੀਆਂ ਵਿੱਚ ਹਨ, ਪਰ ਇਸ ਦੌਰਾਨ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਜ਼ੋਰਦਾਰ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਦਿਲਜੀਤ, ਪੰਜਾਬ ਯੂਨੀਵਰਸਿਟੀ ਦੀ ਉਸ ਵਿਦਿਆਰਥਣ ਹਰਮਨਪ੍ਰੀਤ ਕੌਰ ਦੀ ਹਿੰਮਤ ਦੇ ਕਾਇਲ ਹੋ ਗਏ ਹਨ, ਜੋ ਕੁਝ ਦਿਨ ਪਹਿਲਾਂ ਚੰਡੀਗੜ੍ਹ ਪੁਲਿਸ ਨਾਲ ਭਿੜ ਗਈ ਸੀ ਅਤੇ ਜਿਸਦਾ ਵੀਡੀਓ ਕਾਫ਼ੀ ਚਰਚਾ ਵਿੱਚ ਰਿਹਾ ਸੀ।
ਆਸਟ੍ਰੇਲੀਆ ਵਿੱਚ ਆਪਣੇ ਸ਼ੋਅ ਦੌਰਾਨ ਦਿਲਜੀਤ ਦੋਸਾਂਝ ਨੇ ਖੁੱਲ੍ਹ ਕੇ ਹਰਮਨਪ੍ਰੀਤ ਕੌਰ ਦਾ ਜ਼ਿਕਰ ਕੀਤਾ ਅਤੇ ਉਸ ਦੀ ਦਲੇਰੀ ਲਈ ਹਜ਼ਾਰਾਂ ਦਰਸ਼ਕਾਂ ਤੋਂ ਤਾੜੀਆਂ ਵਜਵਾਈਆਂ। ਸਟੇਜ ਤੋਂ ਭੀੜ ਨੂੰ ਸੰਬੋਧਨ ਕਰਦਿਆਂ ਦਿਲਜੀਤ ਨੇ ਕਿਹਾ, "ਕੁੜੀਆਂ ਦੀ ਗੱਲ ਹੋਣੀ ਚਾਹੀਦੀ... ਤੁਸੀਂ ਵੇਖੀ ਪੰਜਾਬ ਯੂਨੀਵਰਸਿਟੀ ਵਾਲੀ ਕੁੜੀ ਦੀ ਵੀਡੀਓ, 'ਬਾਂਹ ਛੱਡ' ਕਹਿੰਦੀ...।"
ਦਿਲਜੀਤ ਨੇ ਅੱਗੇ ਕਿਹਾ ਕਿ ਇਹ ਸੰਦੇਸ਼ ਸਾਰਿਆਂ ਵੱਲੋਂ ਹੈ ਕਿ ਜੋ ਚੀਜ਼ ਪੰਜਾਬ ਦੀ ਹੈ, ਜਿਵੇਂ ਕਿ ਪੰਜਾਬ ਯੂਨੀਵਰਸਿਟੀ, ਉਹ ਪੰਜਾਬ ਨੂੰ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, "ਜਿਨ੍ਹਾਂ ਕੁੜੀਆਂ ਨੇ ਹੌਂਸਲਾ ਵਿਖਾਇਆ, ਉਨ੍ਹਾਂ ਲਈ ਜ਼ੋਰਦਾਰ ਤਾੜੀ ਹੋਣੀ ਚਾਹੀਦੀ ਹੈ।"
ਵਿਰੋਧ ਪ੍ਰਦਰਸ਼ਨ ਦਾ ਪਿਛੋਕੜ
ਇਹ ਮਾਮਲਾ 10 ਨਵੰਬਰ ਦਾ ਹੈ, ਜਦੋਂ ਸੈਨੇਟ ਅਤੇ ਸਿੰਡੀਕੇਟ ਭੰਗ ਕਰਨ ਦੇ ਫੈਸਲੇ ਵਿਰੁੱਧ ਪੰਜਾਬ ਯੂਨੀਵਰਸਿਟੀ ਵਿੱਚ ਭਾਰੀ ਵਿਰੋਧ ਪ੍ਰਦਰਸ਼ਨ ਹੋ ਰਿਹਾ ਸੀ। ਭਾਵੇਂ ਕੇਂਦਰ ਸਰਕਾਰ ਨੇ ਬਾਅਦ ਵਿੱਚ ਇਹ ਨੋਟੀਫਿਕੇਸ਼ਨ ਵਾਪਸ ਲੈ ਲਿਆ, ਪਰ ਵਿਦਿਆਰਥੀ ਅਜੇ ਵੀ ਸੈਨੇਟ ਚੋਣਾਂ ਕਰਵਾਉਣ ਦੀ ਮੰਗ 'ਤੇ ਅੜੇ ਹੋਏ ਹਨ।
ਇਸੇ ਵਿਰੋਧ ਦੇ ਮਾਹੌਲ ਵਿੱਚ ਇਹ ਘਟਨਾ ਵਾਪਰੀ। ਹਰਮਨਪ੍ਰੀਤ ਕੌਰ, ਜੋ ਕਿ ਨੂਰਪੁਰ ਬੇਦੀ (ਆਨੰਦਪੁਰ ਸਾਹਿਬ, ਰੋਪੜ) ਦੀ ਰਹਿਣ ਵਾਲੀ ਹੈ ਅਤੇ ਪੀਯੂ ਵਿੱਚ ਮਾਨਵ ਵਿਗਿਆਨ ਵਿਭਾਗ ਵਿੱਚ ਦੂਜੇ ਸਾਲ ਦੀ ਵਿਦਿਆਰਥਣ ਹੈ, ਉਸ ਸਮੇਂ ਆਪਣੇ ਹੋਸਟਲ ਤੋਂ ਘਰ ਵਾਪਸ ਜਾ ਰਹੀ ਸੀ। ਵਿਰੋਧ ਪ੍ਰਦਰਸ਼ਨਾਂ ਕਾਰਨ ਪੁਲਿਸ ਨੇ ਯੂਨੀਵਰਸਿਟੀ ਦਾ ਗੇਟ ਬੰਦ ਕਰ ਦਿੱਤਾ ਸੀ।
ਜਦੋਂ ਹਰਮਨਪ੍ਰੀਤ ਨੇ ਗੇਟ ਪਾਰ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਇੱਕ ਮਹਿਲਾ ਪੁਲਿਸ ਅਧਿਕਾਰੀ ਨੇ ਉਸਦਾ ਹੱਥ ਫੜ ਲਿਆ। ਹਰਮਨਪ੍ਰੀਤ ਨੇ ਇਸ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਅਤੇ ਪੁਲਿਸ ਨਾਲ ਭਿੜ ਕੇ ਕਿਹਾ, “ਬਾਂਹ ਛੱਡ, ਜੇ ਮੈਨੂੰ ਕੁਝ ਹੋਇਆ ਤਾਂ ਫਿਰ ਦੇਖ ਲਈਂ।” ਇਹ ਪੂਰੀ ਘਟਨਾ ਕੈਮਰੇ ਵਿੱਚ ਕੈਦ ਹੋ ਗਈ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰਮਨਪ੍ਰੀਤ ਕੌਰ ਰਾਤੋ-ਰਾਤ ਹੌਸਲੇ ਅਤੇ ਵਿਰੋਧ ਦੀ ਪ੍ਰਤੀਕ ਬਣ ਗਈ।
ਦਿਲਜੀਤ ਦੋਸਾਂਝ ਵੱਲੋਂ ਵਿਦੇਸ਼ ਦੀ ਧਰਤੀ ਤੋਂ ਹਰਮਨਪ੍ਰੀਤ ਕੌਰ ਦੀ ਖੁੱਲ੍ਹ ਕੇ ਤਾਰੀਫ਼ ਕਰਨ ਤੋਂ ਇਹ ਸਪੱਸ਼ਟ ਹੈ ਕਿ ਵਿਦਿਆਰਥੀਆਂ ਦੀ ਇਹ ਆਵਾਜ਼ ਸਿਰਫ਼ ਪੰਜਾਬ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਇਸ ਨੇ ਕੌਮਾਂਤਰੀ ਪੱਧਰ 'ਤੇ ਵੀ ਆਪਣੀ ਪਛਾਣ ਬਣਾਈ ਹੈ।
Get all latest content delivered to your email a few times a month.