ਤਾਜਾ ਖਬਰਾਂ
ਅਮਰੀਕਾ ਵਿੱਚ ਹਜ਼ਾਰਾਂ ਪੰਜਾਬੀ ਮੂਲ ਦੇ ਟਰੱਕ ਡਰਾਈਵਰਾਂ ਲਈ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਇੱਕ ਪੋਸਟ ਰਾਹੀਂ ਅੰਗਰੇਜ਼ੀ ਪ੍ਰੀਖਿਆ ਵਿੱਚ ਫੇਲ੍ਹ ਹੋਏ ਡਰਾਈਵਰਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ।
ਉਨ੍ਹਾਂ ਲਿਖਿਆ: “ਜੇਕਰ ਤੁਸੀਂ ਅਮਰੀਕੀ ਸੜਕਾਂ 'ਤੇ ਭਾਰੀ ਵਾਹਨ ਚਲਾਉਂਦੇ ਹੋ, ਤਾਂ ਤੁਹਾਨੂੰ ਅੰਗਰੇਜ਼ੀ ਸਮਝ ਆਉਣੀ ਚਾਹੀਦੀ ਹੈ, ਨਹੀਂ ਤਾਂ 'ਆਊਟ ਆਫ਼ ਸਰਵਿਸ' ਹੋ ਜਾਓਗੇ।” ਟਰੰਪ ਦੇ ਇਸ ਬਿਆਨ ਨੇ ਭਾਰਤੀ ਅਤੇ ਪੰਜਾਬੀ ਟਰੱਕਿੰਗ ਭਾਈਚਾਰੇ ਵਿੱਚ ਤਰਥੱਲੀ ਮਚਾ ਦਿੱਤੀ ਹੈ।
7,200 ਤੋਂ ਵੱਧ ਡਰਾਈਵਰ 'ਆਊਟ ਆਫ਼ ਸਰਵਿਸ'
ਅਮਰੀਕੀ ਡਿਪਾਰਟਮੈਂਟ ਆਫ਼ ਟ੍ਰਾਂਸਪੋਰਟੇਸ਼ਨ (DOT) ਨੇ English Language Proficiency (ELP), ਭਾਵ ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ, ਦੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ।
ਅਧਿਕਾਰਤ ਰਿਪੋਰਟਾਂ ਮੁਤਾਬਕ, ਅਕਤੂਬਰ 2025 ਤੱਕ 7,200 ਤੋਂ ਵੱਧ ਪੰਜਾਬੀ ਅਤੇ ਭਾਰਤੀ ਮੂਲ ਦੇ ਕਮਰਸ਼ੀਅਲ ਟਰੱਕ ਡਰਾਈਵਰ ਫੇਲ੍ਹ ਹੋ ਚੁੱਕੇ ਹਨ।
ਇਨ੍ਹਾਂ ਸਾਰੇ ਡਰਾਈਵਰਾਂ ਨੂੰ “Out of Service” ਐਲਾਨ ਦਿੱਤਾ ਗਿਆ ਹੈ, ਜਿਸਦਾ ਮਤਲਬ ਹੈ ਕਿ ਜਦੋਂ ਤੱਕ ਉਹ ਅੰਗਰੇਜ਼ੀ ਦੀ ਪ੍ਰੀਖਿਆ ਪਾਸ ਨਹੀਂ ਕਰਦੇ, ਉਹ ਸੜਕ 'ਤੇ ਭਾਰੀ ਵਾਹਨ ਨਹੀਂ ਚਲਾ ਸਕਣਗੇ।
ਇਹ ਫ਼ੈਸਲਾ ਪਿਛਲੇ ਕੁਝ ਮਹੀਨਿਆਂ ਦੌਰਾਨ ਭਾਰਤੀ ਮੂਲ ਦੇ ਟਰੱਕ ਡਰਾਈਵਰਾਂ ਨਾਲ ਹੋਏ ਕਈ ਗੰਭੀਰ ਸੜਕ ਹਾਦਸਿਆਂ ਤੋਂ ਬਾਅਦ ਲਿਆ ਗਿਆ ਹੈ। ਅਧਿਕਾਰੀਆਂ ਨੇ ਇਹ ਨੋਟ ਕੀਤਾ ਕਿ ਬਹੁਤ ਸਾਰੇ ਡਰਾਈਵਰ ਅੰਗਰੇਜ਼ੀ ਵਿੱਚ ਦਿੱਤੇ ਗਏ ਜ਼ਰੂਰੀ ਨਿਰਦੇਸ਼ਾਂ ਨੂੰ ਸਮਝਣ ਵਿੱਚ ਅਸਮਰੱਥ ਸਨ, ਜਿਸ ਨਾਲ ਦੁਰਘਟਨਾਵਾਂ ਦਾ ਖ਼ਤਰਾ ਵੱਧ ਰਿਹਾ ਸੀ।
ਟਰੱਕਿੰਗ ਐਸੋਸੀਏਸ਼ਨਾਂ ਦਾ ਇਤਰਾਜ਼
ਅਮਰੀਕੀ ਟਰੱਕਿੰਗ ਐਸੋਸੀਏਸ਼ਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਭਾਸ਼ਾ ਪ੍ਰੀਖਿਆ ਦੇ ਮਾਪਦੰਡ ਨਿਰਪੱਖ ਅਤੇ ਜ਼ਮੀਨੀ ਹਕੀਕਤ ਦੇ ਨੇੜੇ ਹੋਣੇ ਚਾਹੀਦੇ ਹਨ।
ਉਨ੍ਹਾਂ ਦਾ ਤਰਕ ਹੈ ਕਿ ਕਈ ਤਜਰਬੇਕਾਰ ਡਰਾਈਵਰ ਸਿਰਫ਼ ਸੀਮਤ ਲਿਖਣ-ਪੜ੍ਹਨ ਦੀ ਸਮਰੱਥਾ ਕਾਰਨ ਬੇਰੁਜ਼ਗਾਰ ਹੋ ਰਹੇ ਹਨ, ਜਦੋਂ ਕਿ ਉਨ੍ਹਾਂ ਦਾ ਡਰਾਈਵਿੰਗ ਰਿਕਾਰਡ ਬਿਲਕੁਲ ਸਾਫ਼ ਹੈ।
ਇੱਕ ਪੰਜਾਬੀ ਟਰੱਕਿੰਗ ਯੂਨੀਅਨ ਦੇ ਪ੍ਰਤੀਨਿਧੀ ਨੇ ਕਿਹਾ, “ਅਸੀਂ ਅਮਰੀਕੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਾਂ। ਸਾਨੂੰ ਸਹਿਯੋਗ ਦੀ ਲੋੜ ਹੈ, ਨਾ ਕਿ ਸਜ਼ਾ ਦੀ।”
ਟਰੰਪ ਦੇ ਬਿਆਨ ਦੀ ਡੈਮੋਕਰੇਟਿਕ ਨੇਤਾਵਾਂ ਅਤੇ ਮਨੁੱਖੀ ਅਧਿਕਾਰ ਸਮੂਹਾਂ ਨੇ ਆਲੋਚਨਾ ਕੀਤੀ ਹੈ, ਜਿਨ੍ਹਾਂ ਨੇ ਇਸ ਨੀਤੀ ਨੂੰ ਪ੍ਰਵਾਸੀ, ਖਾਸ ਕਰਕੇ ਦੱਖਣੀ ਏਸ਼ੀਆਈ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ ਵਾਲਾ ਦੱਸਿਆ ਹੈ। ਹਾਲਾਂਕੁਰ, ਟਰੰਪ ਦੇ ਸਮਰਥਕ ਇਸ ਨੂੰ ਸੜਕਾਂ ਦੀ ਸੁਰੱਖਿਆ ਲਈ ਬਹੁਤ ਜ਼ਰੂਰੀ ਕਦਮ ਮੰਨਦੇ ਹਨ।
Get all latest content delivered to your email a few times a month.