ਤਾਜਾ ਖਬਰਾਂ
ਕੌਮੀ ਜਾਂਚ ਏਜੰਸੀ (NIA) ਨੇ ਚੰਡੀਗੜ੍ਹ ਦੇ ਸੈਕਟਰ 5 ਵਿੱਚ ਕਾਰੋਬਾਰੀ ਕੁਲਦੀਪ ਸਿੰਘ ਮੱਕੜ ਦੇ ਘਰ ਹੋਈ ਗੋਲੀਬਾਰੀ ਦੀ ਘਟਨਾ ਦੀ ਜਾਂਚ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। NIA ਨੇ ਖੁਲਾਸਾ ਕੀਤਾ ਹੈ ਕਿ 19 ਜਨਵਰੀ 2024 ਨੂੰ ਹੋਏ ਇਸ ਅਪਰਾਧ ਦੇ ਸਿੱਧੇ ਸਬੰਧ ਕੈਨੇਡਾ ਵਿੱਚ ਬੈਠੇ ਖ਼ਤਰਨਾਕ ਗੈਂਗਸਟਰ ਗੋਲਡੀ ਬਰਾੜ ਅਤੇ ਉਸ ਦੇ ਸਾਥੀ ਗੋਲਡੀ ਰਾਜਪੁਰਾ ਦੇ ਨੈੱਟਵਰਕ ਨਾਲ ਹਨ।
ਵਸੂਲੀ (Extortion) ਨੈੱਟਵਰਕ ਦਾ ਪਰਦਾਫਾਸ਼
ਜਾਂਚ ਏਜੰਸੀ ਦੇ ਸੂਤਰਾਂ ਅਨੁਸਾਰ, ਗੈਂਗਸਟਰ ਵਿਦੇਸ਼ਾਂ ਵਿੱਚ ਬੈਠ ਕੇ ਪੰਜਾਬ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਧਮਕੀਆਂ ਦੇ ਕੇ ਵਸੂਲੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ। ਇਸ ਨੈੱਟਵਰਕ ਦਾ ਪਤਾ ਲੱਗਣ 'ਤੇ NIA ਟੀਮ ਨੇ ਤੁਰੰਤ ਕਾਰਵਾਈ ਕਰਦਿਆਂ, ਪਟਿਆਲਾ ਵਿੱਚ ਤਿੰਨ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਕਈ ਜ਼ਰੂਰੀ ਦਸਤਾਵੇਜ਼ਾਂ ਦੇ ਨਾਲ-ਨਾਲ ਅਹਿਮ ਡਿਜੀਟਲ ਸਬੂਤ ਵੀ ਕਬਜ਼ੇ ਵਿੱਚ ਲਏ ਗਏ ਹਨ, ਜੋ ਜਲਦੀ ਹੀ ਵਿਸ਼ੇਸ਼ NIA ਅਦਾਲਤ ਵਿੱਚ ਪੇਸ਼ ਕੀਤੇ ਜਾਣਗੇ।
ਮੁੱਖ ਮੁਲਜ਼ਮਾਂ 'ਤੇ ਸ਼ਿਕੰਜਾ
NIA ਨੇ ਆਪਣੀ ਚਾਰਜਸ਼ੀਟ ਵਿੱਚ ਵਿਦੇਸ਼ਾਂ ਵਿੱਚ ਲੁਕੇ ਬੈਠੇ ਗੋਲਡੀ ਬਰਾੜ ਅਤੇ ਗੋਲਡੀ ਰਾਜਪੁਰਾ ਨੂੰ ਮੁੱਖ ਦੋਸ਼ੀ ਵਜੋਂ ਨਾਮਜ਼ਦ ਕੀਤਾ ਹੈ। ਏਜੰਸੀ ਹੁਣ ਇਨ੍ਹਾਂ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਕੇ ਭਾਰਤ ਲਿਆਉਣ ਲਈ 'ਰੈੱਡ ਕਾਰਨਰ ਨੋਟਿਸ' ਜਾਰੀ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰ ਰਹੀ ਹੈ। NIA ਨੇ ਇਹ ਵੀ ਦੱਸਿਆ ਕਿ ਬਰਾੜ ਆਪਣੇ ਗਿਰੋਹ ਵਿੱਚ ਨਵੇਂ ਨੌਜਵਾਨਾਂ ਨੂੰ ਭਰਤੀ ਕਰਕੇ ਉਨ੍ਹਾਂ ਨੂੰ ਹਥਿਆਰਾਂ ਅਤੇ ਪੈਸਿਆਂ ਦੀ ਮਦਦ ਦਿੰਦਾ ਸੀ।
ਘਟਨਾ ਦਾ ਵੇਰਵਾ:
19 ਜਨਵਰੀ, 2024, ਸਵੇਰੇ 4:15 ਵਜੇ, ਅਣਪਛਾਤੇ ਹਮਲਾਵਰਾਂ ਨੇ ਮੱਕੜ ਦੇ ਘਰ ਦੇ ਬਾਹਰ ਉਨ੍ਹਾਂ ਦੀ ਕਾਰ 'ਤੇ ਗੋਲੀਆਂ ਚਲਾਈਆਂ। ਗੋਲੀਬਾਰੀ ਤੋਂ ਤੁਰੰਤ ਬਾਅਦ ਵਰਚੁਅਲ ਕਾਲ ਰਾਹੀਂ ਗੋਲਡੀ ਬਰਾੜ ਨੇ ₹3 ਕਰੋੜ ਦੀ ਫਿਰੌਤੀ ਦੀ ਮੰਗ ਕੀਤੀ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਅੱਠ ਮੁਲਜ਼ਮ ਗ੍ਰਿਫ਼ਤਾਰ
ਇਸ ਮਾਮਲੇ ਵਿੱਚ ਹੁਣ ਤੱਕ ਕੁੱਲ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਗੁਰਵਿੰਦਰ ਸਿੰਘ, ਸਰਬਜੀਤ ਸਿੰਘ, ਸ਼ੁਭਮ ਕੁਮਾਰ ਗਿਰੀ, ਅੰਮ੍ਰਿਤਪਾਲ, ਕਮਲਪ੍ਰੀਤ ਸਿੰਘ, ਕਾਸ਼ੀ ਸਿੰਘ, ਪ੍ਰੇਮ ਸਿੰਘ ਅਤੇ ਗਗਨਦੀਪ ਸਿੰਘ ਸ਼ਾਮਲ ਹਨ।
Get all latest content delivered to your email a few times a month.