ਤਾਜਾ ਖਬਰਾਂ
ਪੰਜਾਬ ਦੇ ਖੇਡ ਢਾਂਚੇ ਨੂੰ ਆਧੁਨਿਕ ਅਤੇ ਵਿਗਿਆਨਕ ਪੱਧਰ 'ਤੇ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਭਗਵੰਤ ਮਾਨ ਸਰਕਾਰ ਨੇ ਇੱਕ ਇਤਿਹਾਸਕ ਫੈਸਲਾ ਲੈਂਦਿਆਂ ਪੰਜਾਬ ਸਪੋਰਟਸ ਮੈਡੀਕਲ ਕਾਡਰ ਵਿੱਚ 110 ਨਵੀਆਂ ਅਸਾਮੀਆਂ ਦੇ ਸਿਰਜਣ ਅਤੇ ਤੁਰੰਤ ਭਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਅਸਾਮੀਆਂ ਤਿੰਨ ਵੱਖ-ਵੱਖ ਗਰੁੱਪਾਂ ਵਿੱਚ ਵੰਡੀਆਂ ਗਈਆਂ ਹਨ - ਗਰੁੱਪ-ਏ ਦੀਆਂ 14, ਗਰੁੱਪ-ਬੀ ਦੀਆਂ 16, ਅਤੇ ਗਰੁੱਪ-ਸੀ ਦੀਆਂ 80।
ਇਸ ਕਦਮ ਨਾਲ ਪੰਜਾਬ ਦੇ ਖਿਡਾਰੀਆਂ ਨੂੰ ਸੱਟਾਂ ਤੋਂ ਬਾਅਦ ਉਨ੍ਹਾਂ ਦੇ ਇਲਾਜ, ਰਿਹੈਬਿਲੀਟੇਸ਼ਨ ਅਤੇ ਪ੍ਰਦਰਸ਼ਨ ਸੁਧਾਰ ਵਿੱਚ ਵੱਡੀ ਸਹਾਇਤਾ ਮਿਲੇਗੀ। ਸਪੋਰਟਸ ਮੈਡੀਕਲ ਪੇਸ਼ੇਵਰ ਖਿਡਾਰੀਆਂ ਲਈ ਵਿਗਿਆਨਕ ਢੰਗ ਨਾਲ ਟਰੇਨਿੰਗ, ਸੱਟ ਪ੍ਰਬੰਧਨ ਅਤੇ ਸਿਹਤ ਨਿਗਰਾਨੀ ਪ੍ਰਣਾਲੀ ਦਾ ਹਿੱਸਾ ਹੋਣਗੇ।
ਭਰਤੀ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ ’ਤੇ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਬਿਨਾਂ ਕਿਸੇ ਰਿਸ਼ਵਤ ਜਾਂ ਸਿਫ਼ਾਰਸ਼ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ, ਅਤੇ ਇਹ ਨਵੀਆਂ ਅਸਾਮੀਆਂ ਵੀ ਉਸੇ ਪਾਰਦਰਸ਼ੀ ਪ੍ਰਕਿਰਿਆ ਰਾਹੀਂ ਭਰੀਆਂ ਜਾਣਗੀਆਂ। ਸ਼ੁਰੂਆਤ ਵਿੱਚ ਇਹ ਮੈਡੀਕਲ ਪੇਸ਼ੇਵਰ ਤਿੰਨ ਸਾਲ ਦੇ ਇਕਰਾਰਨਾਮੇ ’ਤੇ ਕੰਮ ਕਰਨਗੇ, ਜਿਸ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਵਧਾਇਆ ਜਾ ਸਕਦਾ ਹੈ।
ਇਨ੍ਹਾਂ 110 ਅਸਾਮੀਆਂ ਰਾਹੀਂ ਖੇਡ ਮੈਡੀਕਲ ਟੀਮਾਂ ਨੂੰ ਉਹਨਾਂ ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤਾ ਜਾਵੇਗਾ ਜਿੱਥੇ ਖੇਡ ਗਤੀਵਿਧੀਆਂ ਅਤੇ ਖਿਡਾਰੀਆਂ ਦੀ ਸੰਖਿਆ ਸਭ ਤੋਂ ਵੱਧ ਹੈ — ਜਿਵੇਂ ਕਿ ਪਟਿਆਲਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਮੋਹਾਲੀ, ਸੰਗਰੂਰ, ਬਠਿੰਡਾ, ਫਾਜ਼ਿਲਕਾ, ਫਰੀਦਕੋਟ, ਰੂਪਨਗਰ, ਹੁਸ਼ਿਆਰਪੁਰ ਅਤੇ ਗੁਰਦਾਸਪੁਰ।
ਇਹ ਫੈਸਲਾ ਸੂਬੇ ਦੇ ਸਿਹਤ, ਮੈਡੀਕਲ ਅਤੇ ਪੈਰਾ-ਮੈਡੀਕਲ ਖੇਤਰਾਂ ਦੇ ਸਿਖਲਾਈ ਪ੍ਰਾਪਤ ਨੌਜਵਾਨਾਂ ਲਈ ਸੁਨਹਿਰਾ ਮੌਕਾ ਹੈ। ਇਸ ਨਾਲ ਸਿਰਫ਼ ਖਿਡਾਰੀਆਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਮਿਲਣਗੀਆਂ ਹੀ ਨਹੀਂ, ਸਗੋਂ ਪੰਜਾਬ ਦੇ ਖੇਡ ਵਿਕਾਸ ਨੂੰ ਵੀ ਵਿਗਿਆਨਕ ਢੰਗ ਨਾਲ ਉੱਚਾਈਆਂ ਤੱਕ ਪਹੁੰਚਾਉਣ ਵਿੱਚ ਮਦਦ ਮਿਲੇਗੀ।
Get all latest content delivered to your email a few times a month.