ਤਾਜਾ ਖਬਰਾਂ
ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਚਨਾਰਥਲ ਕਲਾਂ 'ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਆਪਣੇ ਹੀ ਪਿਤਾ ਵੱਲੋਂ ਪਤਨੀ 'ਤੇ ਮਾੜੀ ਨਿਗਾਹ ਰੱਖਣ ਦੇ ਸ਼ੱਕ ਕਾਰਨ ਪੁੱਤਰ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਪਿਤਾ ਸੁਖਜਿੰਦਰ ਸਿੰਘ ਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਸਰਹਿੰਦ ਨੇੜੇ ਜਾਲਖੇੜੀ ਪਿੰਡ ਦੇ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ। ਪੁਲਿਸ ਨੇ ਤਫਤੀਸ਼ ਦੌਰਾਨ ਤਿੰਨੇ ਦੋਸ਼ੀਆਂ ਨੂੰ ਹਥਿਆਰ ਸਮੇਤ ਗ੍ਰਿਫਤਾਰ ਕਰ ਲਿਆ ਹੈ।
ਐਸ.ਐਸ.ਪੀ. ਸ਼ੁਭਮ ਅਗਰਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮਾਮਲੇ ਦੀ ਸ਼ੁਰੂਆਤ ਮ੍ਰਿਤਕ ਦੀ ਬੇਟੀ ਜਸਵਿੰਦਰ ਕੌਰ (ਨਿਵਾਸੀ ਖੰਨਾ) ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਹੋਈ। ਜਦੋਂ ਉਸਦਾ ਆਪਣੇ ਪਿਤਾ ਨਾਲ ਕਈ ਦਿਨਾਂ ਤੱਕ ਸੰਪਰਕ ਨਹੀਂ ਹੋਇਆ, ਤਾਂ ਉਹ ਪੇਕੇ ਪਿੰਡ ਆਈ, ਜਿੱਥੇ ਉਸਨੇ ਦੇਖਿਆ ਕਿ ਘਰ ਬੰਦ ਸੀ ਅਤੇ ਤਾਲਾ ਲੱਗਾ ਹੋਇਆ ਸੀ।
ਜਸਵਿੰਦਰ ਕੌਰ ਨੇ ਆਪਣੇ ਭਰਾ ਰਵਿੰਦਰ ਸਿੰਘ ਨੂੰ ਪਿਤਾ ਦੀ ਗੁੰਮਸ਼ੁਦਗੀ ਦੀ ਸੂਚਨਾ ਦੇਣ ਲਈ ਕਿਹਾ। ਪਹਿਲਾਂ ਰਵਿੰਦਰ ਨੇ ਮਾਮਲਾ ਟਾਲਿਆ ਪਰ ਦਬਾਅ ਪੈਣ 'ਤੇ 30 ਅਕਤੂਬਰ ਨੂੰ ਥਾਣਾ ਮੁਲੇਪੁਰ ਵਿੱਚ ਰਿਪੋਰਟ ਦਰਜ ਕਰਵਾਈ ਕਿ ਉਸਦਾ ਪਿਤਾ 27 ਅਕਤੂਬਰ ਤੋਂ ਲਾਪਤਾ ਹੈ।
ਇਸ ਤੋਂ ਕੁਝ ਦਿਨ ਬਾਅਦ, 1 ਨਵੰਬਰ ਨੂੰ ਸੁਖਜਿੰਦਰ ਸਿੰਘ ਦੀ ਲਾਸ਼ ਭਾਖੜਾ ਨਹਿਰ ਸਮਾਣਾ ਨੇੜੇ ਮਿਲੀ, ਜਿਸਦੇ ਸਿਰ ਤੇ ਮੂੰਹ 'ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਸਨ। ਜਸਵਿੰਦਰ ਕੌਰ ਨੂੰ ਆਪਣੇ ਹੀ ਭਰਾ ਤੇ ਸ਼ੱਕ ਹੋਇਆ, ਜਿਸ ਉਪਰੰਤ ਮਾਮਲਾ ਦਰਜ ਕਰਵਾਇਆ ਗਿਆ।
ਐਸ.ਐਸ.ਪੀ. ਨੇ ਦੱਸਿਆ ਕਿ ਕੁਲਬੀਰ ਸਿੰਘ ਸੰਧੂ (ਉਪ-ਕਪਤਾਨ ਪੁਲਿਸ) ਦੀ ਅਗਵਾਈ 'ਚ ਤਫਤੀਸ਼ ਟੈਕਨੀਕਲ ਢੰਗ ਨਾਲ ਕੀਤੀ ਗਈ ਤੇ 3 ਨਵੰਬਰ ਨੂੰ ਮੁੱਖ ਦੋਸ਼ੀ ਰਵਿੰਦਰ ਸਿੰਘ ਗ੍ਰਿਫਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਉਸਨੇ ਕਬੂਲਿਆ ਕਿ ਗੁਰੂਦੁਆਰੇ ਤੋਂ ਵਾਪਸੀ 'ਤੇ ਉਸਦੇ ਸਾਥੀ ਰਵਿੰਦਰਪਾਲ ਸਿੰਘ ਉਰਫ ਅਮਨੀ ਨੇ ਦਾਹ (ਲੋਹੇ ਦਾ ਦਾਤਰ) ਨਾਲ ਪਿਤਾ ਦੀ ਗਰਦਨ 'ਤੇ ਵਾਰ ਕੀਤਾ, ਜਿਸ ਨਾਲ ਉਹ ਡਿੱਗ ਪਿਆ। ਫਿਰ ਰਵਿੰਦਰ ਸਿੰਘ ਨੇ ਵੀ ਉਸਦੇ ਸਿਰ ਤੇ ਮੂੰਹ 'ਤੇ ਵਾਰ ਕੀਤੇ।
ਬਾਅਦ 'ਚ ਤੀਜੇ ਸਾਥੀ ਮਨੀ ਸਿੰਘ ਦੀ ਮਦਦ ਨਾਲ ਲਾਸ਼ ਨੂੰ ਤਰਪਾਲ ਵਿੱਚ ਲਪੇਟ ਕੇ ਗੱਡੀ ਵਿੱਚ ਰੱਖਿਆ ਗਿਆ ਤੇ ਜਾਲਖੇੜੀ ਨੇੜੇ ਨਹਿਰ ਵਿੱਚ ਸੁੱਟ ਦਿੱਤਾ ਗਿਆ।
ਪੁਲਿਸ ਨੇ 4 ਨਵੰਬਰ ਨੂੰ ਦੋਹਾਂ ਸਾਥੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਅਤੇ ਵਾਰਦਾਤ 'ਚ ਵਰਤੇ ਗਏ ਦਾਹ ਤੇ ਚਾਕੂ ਬਰਾਮਦ ਕਰ ਲਏ ਹਨ।
ਇਹ ਘਟਨਾ ਪਿੰਡ ਅਤੇ ਇਲਾਕੇ 'ਚ ਚਰਚਾ ਦਾ ਵਿਸ਼ਾ ਬਣ ਗਈ ਹੈ, ਜਿੱਥੇ ਪੁੱਤਰ ਵੱਲੋਂ ਪਿਤਾ ਦੀ ਇਸ ਕਦਰ ਨਿਰਦਈ ਹੱਤਿਆ ਨੇ ਸਮਾਜ ਨੂੰ ਹਿਲਾ ਕੇ ਰੱਖ ਦਿੱਤਾ ਹੈ।
Get all latest content delivered to your email a few times a month.