ਤਾਜਾ ਖਬਰਾਂ
ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਮੁਲਾਕਾਤ ਕੀਤੀ। ਇਹ ਮੁਲਾਕਾਤ ਲਗਭਗ ਦੋ ਘੰਟੇ ਚੱਲੀ। ਪ੍ਰਧਾਨ ਮੰਤਰੀ ਨੇ ਇਸ ਦੌਰਾਨ 'ਚੈਂਪੀਅਨ ਧੀਆਂ' ਨੂੰ ਵਿਸ਼ਵ ਜੇਤੂ ਬਣਨ ਲਈ ਵਧਾਈ ਦਿੱਤੀ।
ਟੀਮ ਇੰਡੀਆ ਮੰਗਲਵਾਰ ਨੂੰ ਮੁੰਬਈ ਤੋਂ ਦਿੱਲੀ ਪਹੁੰਚੀ ਸੀ ਅਤੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ, ਖਿਡਾਰਨਾਂ ਆਪਣੇ-ਆਪਣੇ ਸ਼ਹਿਰਾਂ ਲਈ ਰਵਾਨਾ ਹੋ ਜਾਣਗੀਆਂ। ਜ਼ਿਕਰਯੋਗ ਹੈ ਕਿ ਹਰਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਭਾਰਤੀ ਟੀਮ ਨੇ ਐਤਵਾਰ ਨੂੰ ਨਵੀਂ ਮੁੰਬਈ ਵਿੱਚ ਮਹਿਲਾ ਵਨਡੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਇਹ ਖ਼ਿਤਾਬ ਜਿੱਤਿਆ ਹੈ।
ਖਿਡਾਰੀਆਂ ਦੇ ਕੈਚ ਅਤੇ ਟੈਟੂ 'ਤੇ ਚਰਚਾ
ਮੁਲਾਕਾਤ ਦੌਰਾਨ ਭਾਰਤੀ ਟੀਮ ਨੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਨਾਮ ਵਾਲੀ ਇੱਕ ਜਰਸੀ ਭੇਟ ਕੀਤੀ, ਜਿਸ 'ਤੇ ਸਾਰੀਆਂ ਖਿਡਾਰਨਾਂ ਦੇ ਦਸਤਖਤ ਸਨ।
ਪੀਐਮ ਮੋਦੀ ਨੇ ਇਸ ਦੌਰਾਨ ਨਿੱਜੀ ਤੌਰ 'ਤੇ ਹਰ ਖਿਡਾਰੀ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਪਤਾਨ ਹਰਮਨਪ੍ਰੀਤ ਕੌਰ ਅਤੇ ਅਮਨਜੋਤ ਕੌਰ ਦੇ ਫਾਈਨਲ ਮੈਚ ਵਿੱਚ ਲਏ ਗਏ ਸ਼ਾਨਦਾਰ ਕੈਚਾਂ ਦੀ ਚਰਚਾ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਦੀਪਤੀ ਸ਼ਰਮਾ ਤੋਂ ਉਨ੍ਹਾਂ ਦੇ 'ਹਨੂੰਮਾਨ ਟੈਟੂ' ਬਾਰੇ ਵੀ ਸਵਾਲ ਪੁੱਛਿਆ। ਕ੍ਰਾਂਤੀ ਗੌੜ ਨੇ ਪੀਐਮ ਨੂੰ ਦੱਸਿਆ ਕਿ ਉਨ੍ਹਾਂ ਦਾ ਭਰਾ ਪ੍ਰਧਾਨ ਮੰਤਰੀ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ, ਜਿਸ 'ਤੇ ਪੀਐਮ ਮੋਦੀ ਨੇ ਉਸ ਨੂੰ ਮਿਲਣ ਲਈ ਸੱਦਾ ਦਿੱਤਾ।
ਪ੍ਰਧਾਨ ਮੰਤਰੀ ਵੱਲੋਂ 'ਫਿੱਟ ਇੰਡੀਆ' ਦਾ ਟਾਸਕ
ਮੁਲਾਕਾਤ ਦੇ ਅੰਤ ਵਿੱਚ, ਪ੍ਰਧਾਨ ਮੰਤਰੀ ਨੇ ਇਨ੍ਹਾਂ ਚੈਂਪੀਅਨ ਖਿਡਾਰਨਾਂ ਨੂੰ ਦੇਸ਼ ਲਈ ਇੱਕ ਅਹਿਮ ਟਾਸਕ ਵੀ ਦਿੱਤਾ। ਉਨ੍ਹਾਂ ਨੇ ਖਿਡਾਰੀਆਂ ਨੂੰ ਦੇਸ਼ ਭਰ ਵਿੱਚ, ਖਾਸ ਕਰਕੇ ਲੜਕੀਆਂ ਲਈ, 'ਫਿੱਟ ਇੰਡੀਆ' ਦੇ ਸੰਦੇਸ਼ ਨੂੰ ਅੱਗੇ ਵਧਾਉਣ ਲਈ ਕਿਹਾ। ਉਨ੍ਹਾਂ ਨੇ ਦੇਸ਼ ਵਿੱਚ ਵੱਧ ਰਹੇ ਮੋਟਾਪੇ ਦੀ ਸਮੱਸਿਆ 'ਤੇ ਚਿੰਤਾ ਜ਼ਾਹਰ ਕੀਤੀ ਅਤੇ ਤੰਦਰੁਸਤ ਰਹਿਣ ਦੀ ਮਹੱਤਤਾ 'ਤੇ ਚਾਨਣਾ ਪਾਇਆ। ਪੀਐਮ ਨੇ ਉਨ੍ਹਾਂ ਨੂੰ ਆਪਣੇ ਸਕੂਲਾਂ ਦਾ ਦੌਰਾ ਕਰਨ ਅਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੀ ਵੀ ਅਪੀਲ ਕੀਤੀ।
ਦਿੱਲੀ ਪਹੁੰਚਣ 'ਤੇ ਸ਼ਾਨਦਾਰ ਸਵਾਗਤ
ਦੱਸ ਦਈਏ ਕਿ ਟੀਮ ਦਾ ਮੰਗਲਵਾਰ ਨੂੰ ਦਿੱਲੀ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਗਿਆ। ਖਿਡਾਰਨਾਂ ਦੇ ਤਾਜ ਪੈਲੇਸ ਹੋਟਲ ਪਹੁੰਚਣ 'ਤੇ ਉਨ੍ਹਾਂ ਅਤੇ ਸਹਾਇਕ ਸਟਾਫ਼ ਉੱਪਰ ਗੁਲਾਬ ਦੀਆਂ ਪੱਤੀਆਂ ਦੀ ਵਰਖਾ ਕੀਤੀ ਗਈ। ਜੇਮਿਮਾ ਰੌਡਰਿਗਜ਼, ਰਾਧਾ ਯਾਦਵ ਅਤੇ ਸਨੇਹ ਰਾਣਾ ਵਰਗੀਆਂ ਖਿਡਾਰਨਾਂ ਢੋਲ ਦੀ ਥਾਪ 'ਤੇ ਥਿਰਕਦੀਆਂ ਨਜ਼ਰ ਆਈਆਂ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦੀ ਹੀ ਆਪਣੇ ਸਰਕਾਰੀ ਨਿਵਾਸ 'ਤੇ ਇੱਕ ਵਿਸ਼ੇਸ਼ ਸਮਾਰੋਹ ਵਿੱਚ ਵਿਸ਼ਵ ਕੱਪ ਜੇਤੂ ਟੀਮ ਨੂੰ ਰਸਮੀ ਤੌਰ 'ਤੇ ਸਨਮਾਨਿਤ ਵੀ ਕਰਨਗੇ।
Get all latest content delivered to your email a few times a month.