ਤਾਜਾ ਖਬਰਾਂ
ਜਲੰਧਰ ਪੁਲਿਸ ਨੇ ਭਾਰਗਵ ਕੈਂਪ ਨਗਰ ਵਿਚ ਵਿਜੇ ਜਵੈਲਰ ਦੀ ਦੁਕਾਨ ‘ਤੇ ਹੋਈ ਲੱਖਾਂ ਰੁਪਏ ਦੀ ਡਕੈਤੀ ਮਾਮਲੇ ਦਾ ਪਰਦਾਫਾਸ਼ ਕਰ ਦਿੱਤਾ ਹੈ। ਪੁਲਿਸ ਨੇ ਤਿੰਨ ਮੁਲਜ਼ਮਾਂ - ਕੁਸ਼ਲ, ਗਗਨ ਅਤੇ ਕਰਨ - ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ ਸੋਨੇ ਦੇ ਗਹਿਣੇ, ਡਕੈਤੀ ਦੌਰਾਨ ਵਰਤੀ ਬਾਈਕ ਅਤੇ ਕੱਪੜੇ ਬਰਾਮਦ ਕੀਤੇ ਹਨ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੇ ਅਨੁਸਾਰ, ਇਹ ਐਫਆਈਆਰ ਨੰਬਰ 167, 30 ਅਕਤੂਬਰ ਨੂੰ ਭਾਰਗਵ ਕੈਂਪ ਪੁਲਿਸ ਸਟੇਸ਼ਨ ਵਿੱਚ ਦਰਜ ਹੋਈ ਸੀ, ਜਿਸ ਦੀ ਸ਼ਿਕਾਇਤ ਅਵਤਾਰ ਨਗਰ ਦੇ 72-ਏ ਵਿਖੇ ਰਹਿੰਦੇ ਵਿਜੇ ਕੁਮਾਰ ਵੱਲੋਂ ਕਰਵਾਈ ਗਈ ਸੀ।
ਸ਼ਿਕਾਇਤਕਰਤਾ ਅਜੈ ਕੁਮਾਰ ਦੇ ਮੁਤਾਬਕ, 30 ਅਕਤੂਬਰ ਦੀ ਸਵੇਰ ਕਰੀਬ 10 ਵਜੇ ਤਿੰਨ ਨੌਜਵਾਨ ਪਿਸਤੌਲ ਨਾਲ ਦੁਕਾਨ ਵਿੱਚ ਦਾਖ਼ਲ ਹੋਏ ਅਤੇ ਲਗਭਗ ਇੱਕ ਕਰੋੜ ਰੁਪਏ ਮੁੱਲ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਦੁਕਾਨ ਦੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਸੀ। ਡੀਸੀਪੀ ਮਨਪ੍ਰੀਤ ਸਿੰਘ ਢਿੱਲੋਂ, ਏਡੀਸੀਪੀ ਜਯੰਤ, ਏਡੀਸੀਪੀ-2 ਵਿਨੀਤ ਗਿੱਲ ਅਤੇ ਏਸੀਪੀ ਵੈਸਟ ਸਰਵਜੀਤ ਸਿੰਘ ਦੀ ਨਿਗਰਾਨੀ ਹੇਠ ਇੱਕ ਵਿਸ਼ੇਸ਼ ਟੀਮ ਬਣਾਈ ਗਈ, ਜਿਸ ਨੇ ਤਕਨੀਕੀ ਸਬੂਤਾਂ ਅਤੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਅਜਮੇਰ ਤੋਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ।
ਗ੍ਰਿਫ਼ਤਾਰੀ ਤੋਂ ਬਾਅਦ ਮੁਲਜ਼ਮਾਂ ਨੂੰ ਜਲੰਧਰ ਸੈਸ਼ਨ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ‘ਤੇ ਲਿਆ ਗਿਆ। ਰਿਮਾਂਡ ਦੌਰਾਨ ਪੁਲਿਸ ਨੇ ਉਨ੍ਹਾਂ ਤੋਂ ਅੱਠ ਲੇਡੀਜ਼ ਗੋਲਡ ਸੈੱਟ, 12 ਚੇਨ, ਸੱਤ ਅੰਗੂਠੀਆਂ, 40 ਟੌਪਸ ਅਤੇ ਅਪਰਾਧ ਸਮੇਂ ਪਹਿਨੇ ਕੱਪੜੇ - ਜਿਨ੍ਹਾਂ ‘ਚ ਕਾਲੀਆਂ ਹੂਡੀਜ਼ ਵੀ ਸ਼ਾਮਲ ਹਨ - ਬਰਾਮਦ ਕੀਤੇ। ਇਸ ਤੋਂ ਇਲਾਵਾ, ਡਕੈਤੀ ਦੌਰਾਨ ਵਰਤੀ ਗਈ ਬਾਈਕ ਵੀ ਕਬਜ਼ੇ ਵਿੱਚ ਲੈ ਲਈ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨਾਲ ਹੋਰ ਪੁੱਛਗਿੱਛ ਜਾਰੀ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਕੀ ਇਸ ਡਕੈਤੀ ਦੇ ਪਿੱਛੇ ਹੋਰ ਕੋਈ ਗਿਰੋਹ ਵੀ ਸ਼ਾਮਲ ਹੈ।
Get all latest content delivered to your email a few times a month.