ਤਾਜਾ ਖਬਰਾਂ
ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਅਧੀਨ ਪੈਂਦੇ ਸਮਰਾਲਾ ਬਲਾਕ ਵਿੱਚ ਬੀਤੀ ਦੇਰ ਰਾਤ ਇੱਕ ਵਾਰ ਫਿਰ ਗੈਂਗਵਾਰ ਦੀ ਦਹਿਸ਼ਤ ਫੈਲ ਗਈ। ਦੇਰ ਰਾਤ ਅਣਪਛਾਤੇ ਹਮਲਾਵਰਾਂ ਨੇ ਇੱਕ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ (ਮਾਣਕੀ) ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਕਤਲ ਤੋਂ ਬਾਅਦ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਲਾਰੈਂਸ ਬਿਸ਼ਨੋਈ ਗੈਂਗ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ।
ਇਲਾਕੇ 'ਚ ਡਰ ਦਾ ਮਾਹੌਲ
ਇਹ ਘਟਨਾ ਉਦੋਂ ਵਾਪਰੀ, ਜਦੋਂ ਮ੍ਰਿਤਕ ਗੁਰਵਿੰਦਰ ਸਿੰਘ ਆਪਣੇ ਦੋਸਤਾਂ ਧਰਮਵੀਰ ਤੇ ਲਵਪ੍ਰੀਤ ਨਾਲ ਪਿੰਡ ਦੇ ਇੱਕ ਮੈਡੀਕਲ ਸਟੋਰ ਨੇੜੇ ਖੜ੍ਹੇ ਸਨ ਅਤੇ ਇੱਕ ਕਮਿਊਨਿਟੀ ਪ੍ਰੋਗਰਾਮ ਦੀ ਤਿਆਰੀ ਕਰ ਰਹੇ ਸਨ। ਹਮਲਾਵਰਾਂ ਨੇ ਅਚਾਨਕ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਗੁਰਵਿੰਦਰ ਤੇ ਧਰਮਵੀਰ ਗੰਭੀਰ ਜ਼ਖਮੀ ਹੋ ਗਏ।
ਗੰਭੀਰ ਰੂਪ ਵਿੱਚ ਜ਼ਖਮੀ ਹੋਏ ਗੁਰਵਿੰਦਰ ਅਤੇ ਧਰਮਵੀਰ ਨੂੰ ਤੁਰੰਤ ਸਮਰਾਲਾ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਦੀ ਨਾਜ਼ੁਕ ਹਾਲਤ ਦੇਖਦਿਆਂ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਪਰਿਵਾਰ ਜਦੋਂ ਦੋਵਾਂ ਨੂੰ ਚੰਡੀਗੜ੍ਹ ਲੈ ਕੇ ਜਾ ਰਿਹਾ ਸੀ, ਤਾਂ ਰਸਤੇ ਵਿੱਚ ਹੀ ਗੁਰਵਿੰਦਰ ਸਿੰਘ ਨੇ ਦਮ ਤੋੜ ਦਿੱਤਾ। ਜਦਕਿ ਧਰਮਵੀਰ ਦਾ ਇਲਾਜ ਚੰਡੀਗੜ੍ਹ ਵਿੱਚ ਚੱਲ ਰਿਹਾ ਹੈ।
ਕਤਲ ਦੀ ਜ਼ਿੰਮੇਵਾਰੀ ਅਤੇ ਗੈਂਗ ਦੀ ਚੇਤਾਵਨੀ
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਖਾਲੀ ਕਾਰਤੂਸ ਬਰਾਮਦ ਕੀਤੇ ਹਨ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ, 'ਅਨਮੋਲ ਬਿਸ਼ਨੋਈ' ਦੇ ਨਾਂ ਤੋਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾ ਕੇ ਹੈਰੀ ਬਾਕਸਰ ਤੇ ਆਰਜੂ ਬਿਸ਼ਨੋਈ (ਲਾਰੈਂਸ ਬਿਸ਼ਨੋਈ ਗਰੁੱਪ) ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਪੋਸਟ ਵਿੱਚ ਕਰਨ ਮਾਦਪੁਰ ਤੇ ਤੇਜੀ ਚੱਕ ਨੂੰ ਕਤਲ ਕਰਨ ਵਾਲੇ ਦੱਸਿਆ ਗਿਆ ਹੈ।
ਗੈਂਗ ਦੀ ਸਿੱਧੀ ਚੇਤਾਵਨੀ: ਗੈਂਗ ਨੇ ਬੱਬੂ ਸਮਰਾਲਾ ਤੇ ਉਸਦੇ ਸਾਥੀਆਂ ਨੂੰ ਖੁੱਲ੍ਹੀ ਚੇਤਾਵਨੀ ਦਿੱਤੀ ਹੈ ਕਿ ਜਿਹੜੇ ਵੀ ਉਨ੍ਹਾਂ ਦੇ ਦੁਸ਼ਮਣਾਂ ਦਾ ਸਮਰਥਨ ਕਰ ਰਹੇ ਹਨ, ਉਹ ਸੁਧਰ ਜਾਣ। ਪੋਸਟ ਵਿੱਚ ਲਿਖਿਆ ਗਿਆ ਹੈ, "ਅਸੀਂ ਅਗਲੀ ਗੋਲੀ ਤੁਹਾਡੀ ਛਾਤੀ 'ਚ ਮਾਰਾਂਗੇ, ਅਸੀਂ ਸਾਰਿਆਂ 'ਤੇ ਨਜ਼ਰ ਰੱਖ ਰਹੇ ਹਾਂ।"
ਦੋ ਕਬੱਡੀ ਖਿਡਾਰੀਆਂ ਦਾ ਕਤਲ
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ 31 ਅਕਤੂਬਰ, 2025 ਨੂੰ ਲੁਧਿਆਣਾ ਵਿੱਚ ਇੱਕ ਹੋਰ ਕਬੱਡੀ ਖਿਡਾਰੀ ਤੇਜਪਾਲ ਦਾ ਵੀ ਕਤਲ ਕਰ ਦਿੱਤਾ ਗਿਆ ਸੀ। ਕਬੱਡੀ ਖਿਡਾਰੀਆਂ ਦੇ ਲਗਾਤਾਰ ਹੋ ਰਹੇ ਕਤਲਾਂ ਦੇ ਸਿਲਸਿਲੇ ਨੇ ਇਲਾਕੇ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸਥਾਨਕ ਲੋਕਾਂ ਅਨੁਸਾਰ ਗੁਰਵਿੰਦਰ ਸਿੰਘ ਇੱਕ ਚੰਗਾ ਖਿਡਾਰੀ ਸੀ ਅਤੇ ਅਕਸਰ ਸਥਾਨਕ ਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਂਦਾ ਸੀ।
ਪੁਲਿਸ ਨੇ ਪੀੜਤ ਪਰਿਵਾਰ ਨੂੰ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
Get all latest content delivered to your email a few times a month.