ਤਾਜਾ ਖਬਰਾਂ
                
ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਖੁਸ਼ੀਆਂ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ 1796 ਸਿੱਖ ਸ਼ਰਧਾਲੂਆਂ ਦਾ ਜੱਥਾ ਅੱਜ ਪਾਕਿਸਤਾਨ ਰਵਾਨਾ ਹੋਇਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਇਹ ਜੱਥਾ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਖਾਲਸਾਈ ਜਾਹੋ-ਜਲਾਲ ਨਾਲ ਤੇ ਜੈਕਾਰਿਆਂ ਦੀ ਗੂੰਜ ਵਿੱਚ ਰਵਾਨਾ ਕੀਤਾ ਗਿਆ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਅਤੇ ਸਕੱਤਰ ਪ੍ਰਤਾਪ ਸਿੰਘ ਵਲੋਂ ਗਿਆਨੀ ਗੜਗੱਜ, ਜਥਾ ਲੀਡਰ ਗੁਰਮੀਤ ਸਿੰਘ ਬੂਹ ਅਤੇ ਹੋਰ ਮੈਂਬਰਾਂ ਨੂੰ ਸਿਰੋਪਾਓ ਅਤੇ ਫੁੱਲਾਂ ਦੇ ਸਿਹਰੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਜੱਥਾ ਸ੍ਰੀ ਨਨਕਾਣਾ ਸਾਹਿਬ ਸਮੇਤ ਪਾਕਿਸਤਾਨ ਦੇ ਵੱਖ-ਵੱਖ ਪਵਿੱਤਰ ਗੁਰਧਾਮਾਂ ਦੇ ਦਰਸ਼ਨ ਕਰੇਗਾ। ਸ਼ਰਧਾਲੂਆਂ ਨੇ ਇਸ ਯਾਤਰਾ ਲਈ ਗਹਿਰੀ ਖੁਸ਼ੀ ਅਤੇ ਕ੍ਰਿਤਗਤਾ ਪ੍ਰਗਟਾਈ, ਕਹਿੰਦੇ ਕਿ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦੇ ਹਨ ਜੋ 1947 ਦੀ ਵੰਡ ਤੋਂ ਬਾਅਦ ਵਿਛੜੇ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਕਰ ਰਹੇ ਹਨ।
ਸ਼ਰਧਾਲੂਆਂ ਨੇ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਨੂੰ ਅਪੀਲ ਕੀਤੀ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਆਦਰ ਕਰਦਿਆਂ ਵੀਜ਼ਾ ਪ੍ਰਕਿਰਿਆ ਹੋਰ ਸੁਗਮ ਬਣਾਈ ਜਾਵੇ। ਸ਼੍ਰੋਮਣੀ ਕਮੇਟੀ ਵੱਲੋਂ ਅਟਾਰੀ ਤੱਕ ਵਿਸ਼ੇਸ਼ ਬੱਸਾਂ, ਲੰਗਰ ਅਤੇ ਚਾਹ ਪਾਣੀ ਦੇ ਪ੍ਰਬੰਧ ਕੀਤੇ ਗਏ ਹਨ। ਇਹ ਜੱਥਾ ਅਟਾਰੀ-ਵਾਘਾ ਸਰਹੱਦ ਰਾਹੀਂ ਪਾਕਿਸਤਾਨ ਜਾਵੇਗਾ ਅਤੇ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰਕੇ 13 ਨਵੰਬਰ ਨੂੰ ਵਾਪਸ ਭਾਰਤ ਪਰਤੇਗਾ।
                
            Get all latest content delivered to your email a few times a month.