ਤਾਜਾ ਖਬਰਾਂ
ਬਰਨਾਲਾ ਜ਼ਿਲ੍ਹੇ ਦੇ ਪਿੰਡ ਠੁੱਲੀਵਾਲ ਦਾ 35 ਸਾਲਾ ਫੌਜੀ ਜਵਾਨ ਨਾਇਕ ਜਗਸੀਰ ਸਿੰਘ, ਜੋ ਕਿ ਸਿੱਖ ਰੈਜੀਮੈਂਟ ਦੀ ਮਦਰ ਯੂਨਿਟ 27 ਵਿੱਚ ਸੇਵਾ ਨਿਭਾ ਰਿਹਾ ਸੀ, ਸ੍ਰੀਨਗਰ ਦੇ ਬਡਗਾਮ ਜ਼ਿਲ੍ਹੇ ਵਿੱਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਹੈ। ਸ਼ਹੀਦ ਦੀ ਸ਼ਹਾਦਤ ਦੀ ਖ਼ਬਰ ਬੀਤੀ ਰਾਤ ਪਰਿਵਾਰ ਤੱਕ ਪਹੁੰਚੀ ਜਿਸ ਨਾਲ ਪੂਰੇ ਪਿੰਡ ਵਿੱਚ ਸ਼ੋਕ ਦੀ ਲਹਿਰ ਦੌੜ ਗਈ।
ਸ਼ਹੀਦ ਜਵਾਨ ਜਗਸੀਰ ਸਿੰਘ ਕਿਸਾਨ ਪਰਿਵਾਰ ਨਾਲ ਸਬੰਧਿਤ ਸੀ। ਉਹ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਅਤੇ ਦੋ ਭੈਣਾਂ ਦਾ ਪਿਆਰਾ ਭਰਾ ਸੀ। ਉਨ੍ਹਾਂ ਦਾ ਵਿਆਹ 2015 ਵਿੱਚ ਹੋਇਆ ਸੀ ਅਤੇ ਉਹ ਇੱਕ 10 ਸਾਲ ਦੇ ਪੁੱਤਰ ਦੇ ਪਿਤਾ ਸਨ। ਜਗਸੀਰ ਸਿੰਘ ਨੇ 2012 ਵਿੱਚ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਭਾਰਤੀ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਸ਼ੁਰੂ ਕੀਤੀ ਸੀ। ਉਹ ਮਾਰਚ 2026 ਵਿੱਚ ਸੇਵਾਮੁਕਤ ਹੋਣ ਵਾਲੇ ਸਨ, ਪਰ ਉਸ ਤਾਰੀਖ ਤੋਂ ਪਹਿਲਾਂ ਹੀ ਦੇਸ਼ ਦੀ ਰੱਖਿਆ ਕਰਦਿਆਂ ਆਪਣੀ ਜਾਨ ਨਿਓਛਾਵਰ ਕਰ ਗਏ।
ਸ਼ਹੀਦ ਦੀ ਮ੍ਰਿਤਕ ਦੇਹ 5 ਨਵੰਬਰ ਨੂੰ ਪਿੰਡ ਠੁੱਲੀਵਾਲ ਪਹੁੰਚੇਗੀ, ਜਿੱਥੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ। ਪਿੰਡ ਦੇ ਲੋਕਾਂ ਵੱਲੋਂ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਅਤੇ ਸ਼ਹੀਦ ਦੇ ਬਲਿਦਾਨ 'ਤੇ ਮਾਣ ਪ੍ਰਗਟਾਇਆ ਜਾ ਰਿਹਾ ਹੈ।
ਇਸ ਤੋਂ ਇਲਾਵਾ, ਕੁਝ ਦਿਨ ਪਹਿਲਾਂ ਹੀ ਬਰਨਾਲਾ ਜ਼ਿਲ੍ਹੇ ਦੇ ਤਪਾ ਮੰਡੀ ਦੇ 26 ਸਾਲਾ ਸਿਪਾਹੀ ਲਵਲੀ ਗਿੱਲ ਦੀ ਡਿਊਟੀ ਦੌਰਾਨ ਮੌਤ ਹੋ ਗਈ ਸੀ। ਸਿਪਾਹੀ ਲਵਲੀ ਗਿੱਲ, ਜੋ ਕਿ 18ਵੀਂ ਸਿੱਖ ਲਾਈਟ ਰੈਜੀਮੈਂਟ ਨਾਲ ਜੁੜੇ ਹੋਏ ਸਨ, 2018 ਵਿੱਚ ਫੌਜ ਵਿੱਚ ਸ਼ਾਮਲ ਹੋਏ ਸਨ ਅਤੇ ਇਸ ਸਮੇਂ ਅਸਾਮ ਦੇ ਗੁਹਾਟੀ ਵਿੱਚ ਤਾਇਨਾਤ ਸਨ। ਉਨ੍ਹਾਂ ਦੀ ਮੌਤ ਦਾ ਕਾਰਨ ਅਚਾਨਕ ਬਿਮਾਰੀ ਦੱਸਿਆ ਜਾ ਰਿਹਾ ਹੈ। ਉਹ ਤਪਾ ਮੰਡੀ ਦੀ ਆਨੰਦਪੁਰ ਬਸਤੀ ਦਰਾਜ ਰੋਡ 'ਤੇ ਰਹਿੰਦੇ ਸਨ ਅਤੇ ਇੱਕ ਗਰੀਬ ਪਰਿਵਾਰ ਤੋਂ ਸਬੰਧਿਤ ਸਨ।
ਇਕ ਹੀ ਜ਼ਿਲ੍ਹੇ ਦੇ ਦੋ ਸੂਰਮਿਆਂ ਦੀ ਮੌਤ ਦੀ ਖ਼ਬਰ ਨਾਲ ਬਰਨਾਲਾ ਵਿੱਚ ਗਮ ਦਾ ਮਾਹੌਲ ਹੈ, ਪਰ ਲੋਕ ਉਨ੍ਹਾਂ ਦੇ ਦੇਸ਼-ਪ੍ਰੇਮ ਅਤੇ ਬਲਿਦਾਨ 'ਤੇ ਮਾਣ ਕਰ ਰਹੇ ਹਨ।
Get all latest content delivered to your email a few times a month.