ਤਾਜਾ ਖਬਰਾਂ
 
                
ਜ਼ੇਮੀਮਾਹ ਰੌਡਰਿਗਜ਼ ਨੇ ਸਭ ਤੋਂ ਵੱਡੇ ਮੰਚ 'ਤੇ ਆਪਣੇ ਜੀਵਨ ਦੀ ਯਾਦਗਾਰੀ ਪਾਰੀ ਖੇਡੀ ਅਤੇ ਉਸ ਦੇ ਅਜੇਤੂ 127 ਦੌੜਾਂ ਦੇ ਸਦਕੇ ਭਾਰਤ ਨੇ ਵੀਰਵਾਰ ਨੂੰ ਮਹਿਲਾ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਸੱਤ ਵਾਰ ਦੀ ਚੈਂਪੀਅਨ ਆਸਟ੍ਰੇਲੀਆ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਹੁਣ 2 ਨਵੰਬਰ ਨੂੰ ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਦੱਖਣੀ ਅਫਰੀਕਾ ਨਾਲ ਹੋਵੇਗਾ, ਜਿਸ ਨਾਲ ਟੂਰਨਾਮੈਂਟ ਨੂੰ ਇੱਕ ਨਵਾਂ ਜੇਤੂ ਮਿਲੇਗਾ।
ਰੌਡਰਿਗਜ਼ ਦੀ 14 ਚੌਕਿਆਂ ਨਾਲ ਸਜੀ 134 ਗੇਂਦਾਂ ਦੀ ਅਜੇਤੂ ਸੈਂਕੜੇ ਵਾਲੀ ਪਾਰੀ ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਫੋਬੀ ਲਿਚਫੀਲਡ ਦੇ ਸੈਂਕੜੇ 'ਤੇ ਭਾਰੀ ਪੈ ਗਈ, ਜਿਸ ਨਾਲ ਭਾਰਤ ਨੇ ਨੌਂ ਗੇਂਦਾਂ ਬਾਕੀ ਰਹਿੰਦਿਆਂ ਪੰਜ ਵਿਕਟਾਂ 'ਤੇ 341 ਦੌੜਾਂ ਬਣਾ ਕੇ ਮਹਿਲਾ ਵਨਡੇ ਵਿੱਚ ਰਿਕਾਰਡ ਟੀਚੇ ਦਾ ਪਿੱਛਾ ਕਰਦਿਆਂ ਮੌਜੂਦਾ ਚੈਂਪੀਅਨ ਆਸਟ੍ਰੇਲੀਆ ਨੂੰ ਹਰਾਇਆ।
ਕਿਸਮਤ ਨੇ ਵੀ ਰੌਡਰਿਗਜ਼ ਦਾ ਵਧੀਆ ਸਾਥ ਦਿੱਤਾ, ਜਿਸ ਨੂੰ ਕਈ ਵਾਰ ਜੀਵਨਦਾਨ ਮਿਲਿਆ ਅਤੇ ਉਸ ਨੇ ਇਸ ਦਾ ਪੂਰਾ ਫਾਇਦਾ ਉਠਾਉਂਦੇ ਹੋਏ ਕਪਤਾਨ ਹਰਮਨਪ੍ਰੀਤ ਕੌਰ (89 ਦੌੜਾਂ) ਨਾਲ ਤੀਜੀ ਵਿਕਟ ਲਈ 167 ਦੌੜਾਂ ਦੀ ਸਾਂਝੇਦਾਰੀ ਨਿਭਾਈ, ਜਿਸ ਦੇ ਸਦਕੇ ਭਾਰਤ ਨੇ ਆਸਟ੍ਰੇਲੀਆ ਦੇ ਵਿਸ਼ਵ ਕੱਪ ਦੇ ਦੋ ਪੜਾਵਾਂ ਵਿੱਚ 15 ਮੈਚਾਂ ਤੋਂ ਚੱਲੇ ਆ ਰਹੇ ਅਜੇਤੂ ਅਭਿਆਨ ਨੂੰ ਸਮਾਪਤ ਕੀਤਾ। ਉੱਥੇ ਹੀ ਭਾਰਤ ਦੀ ਇਸ ਜਿੱਤ ਵਿੱਚ ਕਈ ਰਿਕਾਰਡ ਬਣੇ।
ਮੈਚ ਦੌਰਾਨ ਟੁੱਟੇ ਵੱਡੇ ਰਿਕਾਰਡ
ਮਹਿਲਾ ਵਨਡੇ ਵਿੱਚ ਵਿਸ਼ਵ ਰਿਕਾਰਡ ਚੇਜ਼: ਭਾਰਤ ਨੇ 339 ਦੌੜਾਂ ਦੇ ਟੀਚੇ ਨੂੰ ਹਾਸਲ ਕਰਕੇ ਮਹਿਲਾ ਵਨਡੇ ਵਿੱਚ ਵਰਲਡ ਰਿਕਾਰਡ ਬਣਾ ਦਿੱਤਾ ਹੈ। ਇਹ ਮਹਿਲਾ ਵਨਡੇ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਸਫਲ ਰਨ ਚੇਜ਼ ਹੈ।
ਇਸ ਤੋਂ ਪਹਿਲਾਂ, ਭਾਰਤ ਦਾ ਪਿਛਲਾ ਸਭ ਤੋਂ ਵੱਡਾ ਸਫਲ ਪਿੱਛਾ 2021 ਵਿੱਚ ਆਸਟ੍ਰੇਲੀਆ ਖਿਲਾਫ 265 ਦੌੜਾਂ ਦਾ ਸੀ।
ਵਿਸ਼ਵ ਕੱਪ ਨਾਕਆਊਟ ਵਿੱਚ ਪਹਿਲਾ ਵੱਡਾ ਚੇਜ਼: ਇਹ ਵਨਡੇ ਵਿਸ਼ਵ ਕੱਪ ਦੇ ਨਾਕਆਊਟ - ਪੁਰਸ਼ ਜਾਂ ਮਹਿਲਾ - ਵਿੱਚ 300 ਤੋਂ ਵੱਧ ਦੇ ਸਫਲ ਰਨ ਚੇਜ਼ ਦਾ ਪਹਿਲਾ ਮੌਕਾ ਹੈ।
ਇਹ ਮਹਿਲਾ ਅਤੇ ਪੁਰਸ਼ ਵਨਡੇ ਵਿੱਚ ਕਿਸੇ ਵੀ ਟੂਰਨਾਮੈਂਟ ਦੇ ਨਾਕਆਊਟ ਮੈਚ ਵਿੱਚ 300 ਦੇ ਸਫਲ ਰਨ ਚੇਜ਼ ਦਾ ਤੀਜਾ ਮੌਕਾ ਹੈ।
ਦੂਜਾ ਸਭ ਤੋਂ ਵੱਧ ਦੌੜਾਂ ਵਾਲਾ ਮੈਚ: ਇਸ ਮੈਚ ਵਿੱਚ ਕੁੱਲ 679 ਦੌੜਾਂ ਬਣੀਆਂ। ਇਹ ਮਹਿਲਾ ਵਨਡੇ ਵਿੱਚ ਕਿਸੇ ਮੈਚ ਵਿੱਚ ਬਣੀਆਂ ਦੂਜੀਆਂ ਸਭ ਤੋਂ ਵੱਧ ਦੌੜਾਂ ਹਨ।
ਟੀਚੇ ਦਾ ਪਿੱਛਾ ਕਰਦਿਆਂ ਦੂਜਾ ਸਭ ਤੋਂ ਵੱਡਾ ਸਕੋਰ: 339 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਭਾਰਤ ਨੇ 48.3 ਓਵਰਾਂ ਵਿੱਚ 341 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਇਹ ਕਿਸੇ ਟੀਮ ਦੁਆਰਾ ਬਣਾਇਆ ਗਿਆ ਦੂਜਾ ਸਭ ਤੋਂ ਵੱਡਾ ਸਕੋਰ ਹੈ।
ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਛੱਕੇ: ਇਸ ਮੈਚ ਵਿੱਚ ਕੁੱਲ 14 ਛੱਕੇ ਲੱਗੇ, ਜੋ ਮਹਿਲਾ ਵਨਡੇ ਵਰਲਡ ਕੱਪ ਦੇ ਕਿਸੇ ਮੁਕਾਬਲੇ ਵਿੱਚ ਲੱਗੇ ਸਭ ਤੋਂ ਵੱਧ ਹਨ।
ਰੌਡਰਿਗਜ਼ ਦਾ ਸਰਵੋਤਮ ਨਿੱਜੀ ਸਕੋਰ: ਜੇਮੀਮਾਹ ਨੇ ਨਾਬਾਦ 127 ਦੌੜਾਂ ਦੀ ਪਾਰੀ ਖੇਡੀ, ਜੋ ਹੁਣ ਵਨਡੇ ਰਨ-ਚੇਜ਼ ਵਿੱਚ ਭਾਰਤ ਦੀਆਂ ਔਰਤਾਂ ਲਈ ਸਰਵੋੱਚ ਨਿੱਜੀ ਸਕੋਰ ਹੈ।
ਨਾਕਆਊਟ ਵਿੱਚ ਚੇਜ਼ ਕਰਦਿਆਂ ਪਹਿਲਾ ਭਾਰਤੀ ਸੈਂਕੜਾ: 2017 ਦੇ ਸੈਮੀਫਾਈਨਲ ਵਿੱਚ ਹਰਮਨਪ੍ਰੀਤ ਕੌਰ ਦੇ ਦੌੜਾਂ ਤੋਂ ਬਾਅਦ, ਇਹ ਵਿਸ਼ਵ ਕੱਪ ਨਾਕਆਊਟ ਵਿੱਚ ਭਾਰਤ ਦੇ ਕਿਸੇ ਬੱਲੇਬਾਜ਼ ਦਾ ਦੂਜਾ ਸੈਂਕੜਾ ਸੀ। ਜੇਮੀਮਾਹ ਅਜਿਹੀ ਪਹਿਲੀ ਭਾਰਤੀ ਹੈ, ਜਿਸ ਨੇ ਨਾਕਆਊਟ ਵਿੱਚ ਟੀਚੇ ਦਾ ਪਿੱਛਾ ਕਰਦਿਆਂ ਸੈਂਕੜਾ ਲਗਾਇਆ ਹੈ।
ਵੱਡੀ ਸਾਂਝੇਦਾਰੀ: ਜੇਮੀਮਾਹ ਅਤੇ ਹਰਮਨਪ੍ਰੀਤ ਨੇ ਤੀਜੀ ਵਿਕਟ ਲਈ 167 ਦੌੜਾਂ ਦੀ ਸਾਂਝੇਦਾਰੀ ਕੀਤੀ, ਜੋ ਮਹਿਲਾ ਵਨਡੇ ਵਿਸ਼ਵ ਕੱਪ ਵਿੱਚ ਆਸਟ੍ਰੇਲੀਆ ਖਿਲਾਫ ਕਿਸੇ ਵੀ ਜੋੜੀ ਦੁਆਰਾ ਸਭ ਤੋਂ ਵੱਧ ਹੈ।
ਸਪਿਨ ਗੇਂਦਬਾਜ਼ੀ ਦਾ ਰਿਕਾਰਡ: ਸੈਮੀਫਾਈਨਲ ਵਿੱਚ ਆਸਟ੍ਰੇਲੀਆ ਦੇ ਸਪਿਨਰਾਂ ਨੇ 23.3 ਓਵਰ ਸੁੱਟੇ ਅਤੇ ਬਿਨਾਂ ਕੋਈ ਵਿਕਟ ਲਏ 157 ਦੌੜਾਂ ਦਿੱਤੀਆਂ। ਇਹ ਮਹਿਲਾ ਵਨਡੇ ਵਿੱਚ ਸਪਿਨਰਾਂ ਦੁਆਰਾ ਬਿਨਾਂ ਵਿਕਟ ਲਏ ਸੁੱਟੇ ਗਏ ਸਭ ਤੋਂ ਵੱਧ ਓਵਰ ਹਨ।
 
                
            Get all latest content delivered to your email a few times a month.