ਤਾਜਾ ਖਬਰਾਂ
ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਆਮ ਆਦਮੀ ਪਾਰਟੀ ਦੇ ਆਗੂ ਨਿਤਿਨ ਨੰਦਾ ਉੱਪਰ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਰੂਪਨਗਰ ਪੁਲਿਸ ਨੇ ਚੰਡੀਗੜ੍ਹ ਪੁਲਿਸ ਦੇ ਸਾਬਕਾ ਡੀਐਸਪੀ ਦਿਲਸ਼ੇਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਗ੍ਰਿਫਤਾਰੀ ਦੀ ਪੁਸ਼ਟੀ ਰੂਪਨਗਰ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਕੀਤੀ ਹੈ।
ਐਸਐਸਪੀ ਖੁਰਾਣਾ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਚਾਰ ਵਿਅਕਤੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ, ਜਿਸ ਵਿੱਚ ਦਿਲਸ਼ੇਰ ਸਿੰਘ ਦੇ ਨਾਲ ਉਸਦੇ ਦੋ ਭਰਾ ਰਨ ਬਹਾਦਰ ਸਿੰਘ ਅਤੇ ਰਾਮ ਸਿੰਘ, ਤੇ ਉਸਦਾ ਦੋਸਤ ਡਾ. ਅਜੈ ਰਾਣਾ ਵੀ ਸ਼ਾਮਲ ਹਨ। ਸਾਰੇ ਉੱਤੇ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਜਾਂਚ ਅਨੁਸਾਰ, ਦੋਵੇਂ ਪੱਖਾਂ ਵਿੱਚ ਪੁਰਾਣਾ ਜਮੀਨੀ ਵਿਵਾਦ ਚੱਲ ਰਿਹਾ ਸੀ, ਜਿਸ ਕਾਰਨ ਪਹਿਲਾਂ ਵੀ ਸ਼ਿਕਾਇਤਾਂ ਅਤੇ ਅਦਾਲਤੀ ਕੇਸ ਦਰਜ ਰਹੇ ਹਨ। ਖੁਰਾਣਾ ਨੇ ਦੱਸਿਆ ਕਿ ਇਸੀ ਰੰਜਿਸ਼ ਦੇ ਤਹਿਤ ਬੀਤੇ ਕੱਲ੍ਹ ਇਕ ਵਿਆਹ ਸਮਾਗਮ ਦੌਰਾਨ ਦਿਲਸ਼ੇਰ ਸਿੰਘ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਨਿਤਿਨ ਨੰਦਾ ਉੱਪਰ ਗੋਲੀਆਂ ਚਲਾ ਦਿੱਤੀਆਂ।
ਇਸ ਹਮਲੇ ਵਿੱਚ ਨਿਤਿਨ ਨੰਦਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਯਾਦ ਰਹੇ ਕਿ ਨਿਤਿਨ ਨੰਦਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਕਰੀਬੀ ਸਾਥੀ ਹਨ ਅਤੇ ਉਹ ਅਗੰਮਪੁਰ ਪਿੰਡ ਦੇ ਨਿਵਾਸੀ ਹਨ। ਪੁਲਿਸ ਵੱਲੋਂ ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।
Get all latest content delivered to your email a few times a month.