ਤਾਜਾ ਖਬਰਾਂ
ਭਾਖੜਾ ਬਿਆਸ ਮੈਨੇਜਮੈਂਟ ਬੋਰਡ (Bhakra Beas Management Board - BBMB) ਨੇ ਆਪਣੀ 258ਵੀਂ ਵਿਸ਼ੇਸ਼ ਮੀਟਿੰਗ, ਜੋ ਕੱਲ੍ਹ (31 ਅਕਤੂਬਰ) ਚੰਡੀਗੜ੍ਹ ਦੇ ਸੈਕਟਰ 19 ਸਥਿਤ ਭਾਖੜਾ ਬਿਆਸ ਭਵਨ ਵਿੱਚ ਹੋਣੀ ਸੀ, ਨੂੰ “ਬਹੁਤ ਜ਼ਿਆਦਾ ਸੁਰੱਖਿਆ ਚਿੰਤਾਵਾਂ” ਦੇ ਚਲਦੇ ਮੁਲਤਵੀ ਕਰ ਦਿੱਤਾ ਹੈ। ਇਹ ਮੀਟਿੰਗ ਕਾਫ਼ੀ ਹਾਈ-ਪ੍ਰੋਫਾਈਲ ਮੰਨੀ ਜਾ ਰਹੀ ਸੀ ਕਿਉਂਕਿ ਇਸ ਵਿੱਚ ਭਾਰਤ ਸਰਕਾਰ ਦੇ ਨਾਲ-ਨਾਲ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ ਸਿਖਰਲੇ ਅਧਿਕਾਰੀਆਂ ਦੀ ਸ਼ਮੂਲੀਅਤ ਹੋਣੀ ਸੀ। ਮੀਟਿੰਗ ਦੇ ਮੁਲਤਵੀ ਹੋਣ ਨਾਲ ਕਈ ਪ੍ਰਸ਼ਾਸਨਿਕ ਗੱਲਬਾਤਾਂ ਅਤੇ ਫ਼ੈਸਲਿਆਂ ਨੂੰ ਅਸਥਾਈ ਰੂਪ ਵਿੱਚ ਟਾਲ ਦਿੱਤਾ ਗਿਆ ਹੈ।
ਮੀਟਿੰਗ ਤੋਂ ਪਹਿਲਾਂ, BBMB ਪ੍ਰਬੰਧਨ ਨੇ ਚੰਡੀਗੜ੍ਹ ਪੁਲਿਸ ਦੇ ਐਸਐਸਪੀ (ਟਰੈਫ਼ਿਕ ਅਤੇ ਸੁਰੱਖਿਆ) ਨੂੰ ਇੱਕ ਵਿਸ਼ੇਸ਼ ਪੱਤਰ ਭੇਜ ਕੇ ਬੇਮਿਸਾਲ ਸੁਰੱਖਿਆ ਪ੍ਰਬੰਧਾਂ ਦੀ ਮੰਗ ਕੀਤੀ ਸੀ। ਇਸ ਪੱਤਰ ਵਿੱਚ ਬੰਬ ਨਿਰੋਧਕ ਦਸਤੇ ਵੱਲੋਂ ਕਮੇਟੀ ਰੂਮ ਅਤੇ ਪੂਰੇ ਕੰਪਲੈਕਸ ਦੀ ਜਾਂਚ ਕਰਨ, ਸਨਿਫਰ ਡੌਗਸ ਦੀ ਤਾਇਨਾਤੀ, ਅਤੇ ਹਥਿਆਰਬੰਦ ਗਸ਼ਤ ਨਾਲ ਨਾਲ ਅਣਅਧਿਕਾਰਤ ਵਾਹਨਾਂ ਦੇ ਪ੍ਰਵੇਸ਼ 'ਤੇ ਰੋਕ ਲਗਾਉਣ ਜਿਹੀਆਂ ਮੰਗਾਂ ਕੀਤੀਆਂ ਗਈਆਂ ਸਨ। ਇਹ ਸਾਰੀਆਂ ਤਿਆਰੀਆਂ ਦਰਸਾਉਂਦੀਆਂ ਸਨ ਕਿ ਮੀਟਿੰਗ ਨੂੰ ਬਹੁਤ ਉੱਚ ਸੁਰੱਖਿਆ ਜੋਨ ਵਜੋਂ ਟ੍ਰੀਟ ਕੀਤਾ ਜਾ ਰਿਹਾ ਸੀ।
ਸੂਤਰਾਂ ਅਨੁਸਾਰ, ਇਸ ਪੱਧਰ ਦੀ ਸੁਰੱਖਿਆ ਆਮ ਤੌਰ ‘ਤੇ ਉਹਨਾਂ ਪ੍ਰੋਗਰਾਮਾਂ ਲਈ ਕੀਤੀ ਜਾਂਦੀ ਹੈ ਜਿਨ੍ਹਾਂ ਵਿੱਚ ਕਿਸੇ ਕਿਸਮ ਦੇ ਸੰਭਾਵਿਤ ਖ਼ਤਰੇ ਜਾਂ ਸੰਵੇਦਨਸ਼ੀਲ ਮਾਮਲੇ ਸ਼ਾਮਲ ਹੋਣ। BBMB ਵੱਲੋਂ ਇਸ ਤਰ੍ਹਾਂ ਦੀ ਅਸਾਧਾਰਨ ਤਿਆਰੀਆਂ ਅਤੇ ਆਖ਼ਰਕਾਰ ਮੀਟਿੰਗ ਦੇ ਮੁਲਤਵੀ ਕਰਨ ਦਾ ਫ਼ੈਸਲਾ, ਬੋਰਡ ਦੇ ਅੰਦਰੂਨੀ ਤੌਰ ‘ਤੇ ਮੌਜੂਦ ਬੇਚੈਨੀ ਅਤੇ ਸੁਰੱਖਿਆ ਸੰਬੰਧੀ ਚਿੰਤਾਵਾਂ ਨੂੰ ਉਜਾਗਰ ਕਰਦਾ ਹੈ। ਇਸ ਨਾਲ ਸਬੰਧਤ ਅਧਿਕਾਰੀਆਂ ਨੇ ਹਾਲਾਂਕਿ ਕੋਈ ਅਧਿਕਾਰਕ ਬਿਆਨ ਨਹੀਂ ਦਿੱਤਾ, ਪਰ ਇਹ ਸਪਸ਼ਟ ਹੈ ਕਿ ਮੌਜੂਦਾ ਹਾਲਾਤਾਂ ਵਿੱਚ ਕਿਸੇ ਵੀ ਜੋਖਿਮ ਨੂੰ ਮੰਨਣ ਦੀ ਇੱਛਾ ਨਹੀਂ ਹੈ।
ਜਾਣਕਾਰੀ ਮਿਲੀ ਹੈ ਕਿ ਨਵੀਂ ਤਾਰੀਖ਼ ਤੈਅ ਕਰਨ ਲਈ ਕੇਂਦਰ ਸਰਕਾਰ ਅਤੇ ਸਾਰੇ ਸੂਬਿਆਂ ਦੇ ਪ੍ਰਤਿਨਿਧੀਆਂ ਵਿਚਾਲੇ ਦੁਬਾਰਾ ਸਲਾਹ-ਮਸ਼ਵਰਾ ਕੀਤਾ ਜਾਵੇਗਾ। ਮੀਟਿੰਗ ਵਿੱਚ ਪਾਣੀ ਵੰਡ, ਬਿਜਲੀ ਪ੍ਰਬੰਧਨ ਅਤੇ ਇੰਟਰ-ਸਟੇਟ ਕੋਆਰਡੀਨੇਸ਼ਨ ਨਾਲ ਜੁੜੇ ਕਈ ਮਹੱਤਵਪੂਰਨ ਮੁੱਦਿਆਂ 'ਤੇ ਗੱਲਬਾਤ ਹੋਣੀ ਸੀ। ਹੁਣ ਇਹ ਸਭ ਫ਼ੈਸਲੇ ਅਗਲੀ ਮੀਟਿੰਗ ਤੱਕ ਟਲ ਗਏ ਹਨ, ਜਿਸ ਦੀ ਤਾਰੀਖ਼ ਜਲਦ ਹੀ ਐਲਾਨੀ ਜਾਵੇਗੀ।
Get all latest content delivered to your email a few times a month.