ਤਾਜਾ ਖਬਰਾਂ
ਬਠਿੰਡਾ: ਬਾਲੀਵੁੱਡ ਅਦਾਕਾਰਾ ਅਤੇ ਮੰਡੀ ਤੋਂ ਨਵੀਂ ਚੁਣੀ ਗਈ ਭਾਜਪਾ ਸਾਂਸਦ ਕੰਗਨਾ ਰਣੌਤ ਨੂੰ ਮਾਣਹਾਨੀ ਦੇ ਮਾਮਲੇ ਵਿੱਚ ਬਠਿੰਡਾ ਦੀ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਦੀ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਵੱਡਾ ਝਟਕਾ ਲੱਗਾ ਹੈ। ਕਿਸਾਨ ਅੰਦੋਲਨ ਨਾਲ ਜੁੜੇ ਇਸ ਮਾਮਲੇ ਵਿੱਚ ਕੰਗਨਾ ਨੇ ਜਿੱਥੇ 'ਗਲਤਫਹਿਮੀ' ਦੀ ਗੱਲ ਕਬੂਲਦਿਆਂ ਅਫ਼ਸੋਸ ਪ੍ਰਗਟਾਇਆ, ਉੱਥੇ ਹੀ ਸ਼ਿਕਾਇਤਕਰਤਾ ਬਜ਼ੁਰਗ ਕਿਸਾਨ ਮਹਿਲਾ ਮਹਿੰਦਰ ਕੌਰ ਨੇ ਉਨ੍ਹਾਂ ਦੀ ਮੁਆਫ਼ੀ ਨੂੰ ਸਿਰੇ ਤੋਂ ਠੁਕਰਾ ਦਿੱਤਾ ਹੈ।
ਮਹਿੰਦਰ ਕੌਰ ਨੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜੇ ਮੁਆਫ਼ੀ ਮੰਗਣੀ ਹੀ ਸੀ ਤਾਂ ਇਸ ਲਈ ਚਾਰ ਸਾਲ ਪਹਿਲਾਂ ਸਹੀ ਸਮਾਂ ਸੀ। ਉਨ੍ਹਾਂ ਸਾਫ਼ ਕਰ ਦਿੱਤਾ ਕਿ ਹੁਣ ਉਹ ਕੰਗਨਾ ਨੂੰ ਮੁਆਫ਼ ਨਹੀਂ ਕਰ ਸਕਦੀ ਅਤੇ ਇਹ ਕਾਨੂੰਨੀ ਲੜਾਈ 'ਜਾਰੀ ਰਹੇਗੀ'।
ਅਦਾਲਤੀ ਕਾਰਵਾਈ ਮਗਰੋਂ ਵੱਖ-ਵੱਖ ਮੀਡੀਆ ਅਦਾਰਿਆਂ ਨਾਲ ਗੱਲਬਾਤ ਕਰਦਿਆਂ ਮਹਿੰਦਰ ਕੌਰ ਨੇ ਆਪਣਾ ਦੁੱਖ ਜ਼ਾਹਰ ਕੀਤਾ। ਉਨ੍ਹਾਂ ਭਰੇ ਮਨ ਨਾਲ ਕਿਹਾ, "ਉਹ (ਕੰਗਨਾ) ਇੱਕ ਬੁੱਢੜੀ ਮਹਿਲਾ ਨੂੰ ਦੁਖੀ ਕਰ ਰਹੀ ਹੈ। ਪਹਿਲਾਂ ਉਸ ਨੇ ਮੁਆਫ਼ੀ ਕਿਉਂ ਨਹੀਂ ਮੰਗੀ?"
ਮਹਿੰਦਰ ਕੌਰ ਨੇ ਕੰਗਨਾ ਰਣੌਤ ਦੇ ਸਿਆਸੀ ਪ੍ਰਭਾਵ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੰਗਨਾ ਇੱਕ ਅਦਾਕਾਰਾ ਅਤੇ ਰਾਜਧਾਨੀ ਵਿੱਚ ਰਾਜਭਾਗ ਦੀ ਹੱਕਦਾਰ ਹੈ, ਜਦਕਿ ਉਹ ਇੱਕ ਛੋਟੀ ਜਿਹੀ ਸ਼ਿਕਾਇਤਕਰਤਾ ਹਨ। ਉਨ੍ਹਾਂ ਨੇ ਕਿਹਾ, "ਜਿਵੇਂ ਜੱਜ ਸਾਹਬ ਕਰਨਗੇ ਜਾਂ ਰੱਬ ਕਰੇਗਾ, ਉਹ ਸਹੀ ਫੈਸਲਾ ਹੋਵੇਗਾ।"
ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਚਾਰ ਸਾਲਾਂ ਤੋਂ ਉਹ, ਉਨ੍ਹਾਂ ਦੇ ਵਕੀਲ ਅਤੇ ਪਰਿਵਾਰਕ ਮੈਂਬਰ ਪ੍ਰੇਸ਼ਾਨੀ ਝੱਲ ਰਹੇ ਹਨ, ਪਰ ਕੰਗਨਾ ਨੇ ਕਦੇ ਮੁਆਫ਼ੀ ਨਹੀਂ ਮੰਗੀ। "ਉਹ ਮੈਨੂੰ ਬਿਰਧ ਨੂੰ ਘੜੀਸਦੀ ਫਿਰਦੀ ਹੈ। ਉਹ ਛਾਲਾਂ ਮਾਰਦੀ ਫਿਰਦੀ ਹੈ ਤੇ ਮੈਂ ਬਿਰਧ ਹਾਂ," ਉਨ੍ਹਾਂ ਭਾਵੁਕ ਹੁੰਦਿਆਂ ਕਿਹਾ।
ਮਾਮਲਾ: 100 ਰੁਪਏ ਦੀ ਦਿਹਾੜੀ ਵਾਲਾ ਟਵੀਟ
ਯਾਦ ਰਹੇ ਕਿ ਇਹ ਮਾਮਲਾ ਸਾਲ 2021 ਵਿੱਚ ਕਿਸਾਨ ਅੰਦੋਲਨ ਦੌਰਾਨ ਸ਼ੁਰੂ ਹੋਇਆ ਸੀ। ਕੰਗਨਾ ਰਣੌਤ ਨੇ ਇੱਕ ਟਵੀਟ ਵਿੱਚ ਧਰਨੇ 'ਤੇ ਬੈਠੀ ਬਜ਼ੁਰਗ ਮਹਿੰਦਰ ਕੌਰ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਨੂੰ '100-100 ਰੁਪਏ ਦੀ ਦਿਹਾੜੀ' ਲੈ ਕੇ ਪ੍ਰਦਰਸ਼ਨ ਕਰਨ ਵਾਲੀਆਂ ਮਹਿਲਾਵਾਂ ਵਿੱਚ ਸ਼ਾਮਲ ਦੱਸਿਆ ਸੀ। ਇਸ ਟਿੱਪਣੀ ਨੂੰ ਮਹਿੰਦਰ ਕੌਰ ਨੇ ਆਪਣੀ ਸਾਖ ਨੂੰ ਢਾਹ ਲਾਉਣ ਵਾਲਾ ਮੰਨਦੇ ਹੋਏ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਸੀ।
ਕੋਰਟ ਵਿੱਚ ਕੰਗਨਾ ਦਾ ਸਪੱਸ਼ਟੀਕਰਨ
ਬਠਿੰਡਾ ਕੋਰਟ ਵਿੱਚ ਪੇਸ਼ ਹੋਣ ਤੋਂ ਬਾਅਦ ਕੰਗਨਾ ਨੇ ਆਪਣੇ ਟਵੀਟ ਨੂੰ ਇੱਕ 'ਗਲਤਫਹਿਮੀ' ਕਰਾਰ ਦਿੱਤਾ। ਉਨ੍ਹਾਂ ਕਿਹਾ, "ਮੈਂ ਸੁਪਨੇ 'ਚ ਵੀ ਨਹੀਂ ਸੋਚ ਸਕਦੀ ਸੀ, ਜਿਸ ਤਰ੍ਹਾਂ ਸਭ ਕੁੱਝ ਦਿਖਾਇਆ ਗਿਆ ਹੈ।"
ਕੰਗਨਾ ਨੇ ਦਾਅਵਾ ਕੀਤਾ ਕਿ ਇਹ ਮਾਮਲਾ ਉਨ੍ਹਾਂ ਨਾਲ ਸਬੰਧਤ ਨਹੀਂ ਸੀ, ਸਗੋਂ ਇਹ ਇੱਕ 'ਮੀਮ' ਸੀ, ਜਿਸ ਨੂੰ ਉਨ੍ਹਾਂ ਨੇ ਰੀਟਵੀਟ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਉਹ ਮਹਿੰਦਰ ਕੌਰ ਦੇ ਪਤੀ ਨਾਲ ਵੀ ਇਸ ਬਾਰੇ ਗੱਲ ਕਰ ਚੁੱਕੀ ਹੈ। ਕੰਗਨਾ ਨੇ ਕਿਹਾ, "ਕਿਸੇ ਵੀ ਗਲਤਫਹਿਮੀ ਲਈ ਮੈਂ ਮੁਆਫ਼ੀ ਮੰਗਦੀ ਹਾਂ।"
ਹਾਲਾਂਕਿ, ਮਹਿੰਦਰ ਕੌਰ ਦੇ ਸਖ਼ਤ ਰੁਖ ਤੋਂ ਸਪੱਸ਼ਟ ਹੈ ਕਿ ਇਸ ਮਾਮਲੇ ਦੀ ਕਾਨੂੰਨੀ ਕਾਰਵਾਈ ਹੁਣ ਹੋਰ ਲੰਬੀ ਚੱਲੇਗੀ ਅਤੇ ਅਗਲੀ ਸੁਣਵਾਈ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਰਹਿਣਗੀਆਂ।
Get all latest content delivered to your email a few times a month.