ਤਾਜਾ ਖਬਰਾਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬਾ ਸਰਕਾਰ ਨੇ ਲੋਕਾਂ ਨੂੰ ਮੁਫ਼ਤ ਅਤੇ ਗੁਣਵੱਤਾ ਪੂਰਨ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵੱਲ ਇਕ ਹੋਰ ਕਦਮ ਚੁੱਕਿਆ ਹੈ। ਸੂਬੇ ਭਰ ਵਿੱਚ ਆਮ ਆਦਮੀ ਕਲੀਨਿਕਾਂ ਦੀ ਬੇਮਿਸਾਲ ਸਫ਼ਲਤਾ ਤੋਂ ਬਾਅਦ ਹੁਣ ਇਹ ਸੇਵਾ ਜੇਲ੍ਹਾਂ ਤੱਕ ਵਧਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਪਾਇਲਟ ਪ੍ਰੋਜੈਕਟ ਦੇ ਤਹਿਤ ਪਹਿਲਾਂ ਕੁਝ ਕੇਂਦਰੀ ਜੇਲ੍ਹਾਂ ਵਿੱਚ ਇਹ ਕਲੀਨਿਕ ਖੋਲ੍ਹੀਆਂ ਜਾਣਗੀਆਂ, ਜਿੱਥੇ ਕੈਦੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਦੇ ਨਾਲ-ਨਾਲ ਮਾਨਸਿਕ ਸਿਹਤ ਸੰਭਾਲ ਦੀ ਸੁਵਿਧਾ ਵੀ ਪ੍ਰਦਾਨ ਕੀਤੀ ਜਾਵੇਗੀ।
ਇਸ ਨਵੀਂ ਪਹਿਲਕਦਮੀ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕੈਦੀਆਂ ਦੀ ਸਿਰਫ਼ ਸਰੀਰਕ ਬਿਮਾਰੀਆਂ ਦਾ ਇਲਾਜ ਹੀ ਨਹੀਂ, ਸਗੋਂ ਉਨ੍ਹਾਂ ਦੀ ਮਾਨਸਿਕ ਤੰਦਰੁਸਤੀ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਜੇਲ੍ਹਾਂ ਸਿਰਫ਼ ਸਜ਼ਾ ਦੇਣ ਵਾਲੀਆਂ ਥਾਂ ਨਹੀਂ, ਬਲਕਿ ‘ਸੁਧਾਰ ਘਰ’ ਹਨ ਜਿੱਥੇ ਵਿਅਕਤੀਆਂ ਵਿੱਚ ਨਵਾਂ ਸੁਧਾਰ ਲਿਆਉਣ ਦਾ ਮੌਕਾ ਮਿਲਦਾ ਹੈ।
ਡਾ. ਸਿੰਘ ਨੇ ਜੋੜ ਦਿੱਤਾ ਕਿ ਜਦੋਂ ਕੋਈ ਕੈਦੀ ਜੇਲ੍ਹ ਵਿੱਚੋਂ ਬਾਹਰ ਨਿਕਲੇ, ਤਾਂ ਉਹ ਸਰੀਰਕ ਤੇ ਮਾਨਸਿਕ ਤੌਰ ‘ਤੇ ਤੰਦਰੁਸਤ ਹੋਣਾ ਚਾਹੀਦਾ ਹੈ, ਕਿਉਂਕਿ ਇਹੀ ਅਸਲੀ ਨਿਆਂ ਹੈ। ਉਨ੍ਹਾਂ ਮੁੱਖ ਮੰਤਰੀ ਮਾਨ ਦੇ “ਰੰਗਲਾ ਪੰਜਾਬ” ਦੇ ਸੁਪਨੇ ਨੂੰ ਹਕੀਕਤ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਦੱਸਿਆ।
ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿੱਚ ਸਥਾਪਿਤ ਕੀਤੀਆਂ ਜਾਣ ਵਾਲੀਆਂ ਆਮ ਆਦਮੀ ਕਲੀਨਿਕਾਂ ਵਿੱਚ ਮਨੋਵਿਗਿਆਨੀ ਅਤੇ ਮਨੋਰੋਗ ਮਾਹਿਰ ਤਾਇਨਾਤ ਕੀਤੇ ਜਾਣਗੇ, ਜੋ ਕੈਦੀਆਂ ਨੂੰ ਕਾਉਂਸਲਿੰਗ ਤੇ ਹੋਰ ਜ਼ਰੂਰੀ ਮਦਦ ਪ੍ਰਦਾਨ ਕਰਨਗੇ।
ਸੂਬੇ ਵਿੱਚ ਇਸ ਵੇਲੇ 881 ਆਮ ਆਦਮੀ ਕਲੀਨਿਕ ਸਫਲਤਾਪੂਰਵਕ ਚੱਲ ਰਹੀਆਂ ਹਨ, ਜਿਨ੍ਹਾਂ ਨੇ 15 ਅਗਸਤ 2022 ਤੋਂ ਹੁਣ ਤੱਕ 4.20 ਕਰੋੜ ਤੋਂ ਵੱਧ ਲੋਕਾਂ ਨੂੰ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਹੈ। ਇਨ੍ਹਾਂ ਕਲੀਨਿਕਾਂ ਰਾਹੀਂ 2.29 ਕਰੋੜ ਤੋਂ ਵੱਧ ਮੁਫ਼ਤ ਜਾਂਚਾਂ ਕੀਤੀਆਂ ਗਈਆਂ ਹਨ।
ਇਨ੍ਹਾਂ ਕਲੀਨਿਕਾਂ ਵਿੱਚ 107 ਕਿਸਮਾਂ ਦੀਆਂ ਜ਼ਰੂਰੀ ਦਵਾਈਆਂ ਅਤੇ 47 ਤਰ੍ਹਾਂ ਦੇ ਟੈਸਟ — ਜਿਵੇਂ ਗਰਭ ਅਵਸਥਾ ਜਾਂਚ, ਹੈਪੇਟਾਈਟਿਸ ਸੀ, ਐਚਆਈਵੀ/ਏਡਜ਼ ਅਤੇ ਡੇਂਗੂ ਆਦਿ ਲਈ ਵਿਸ਼ੇਸ਼ ਟੈਸਟ - ਮੁਫ਼ਤ ਕੀਤੇ ਜਾਂਦੇ ਹਨ। ਇਸ ਪਹਿਲਕਦਮੀ ਨਾਲ ਹੁਣ ਜੇਲ੍ਹਾਂ ਦੇ ਕੈਦੀਆਂ ਨੂੰ ਵੀ ਉਹੀ ਸਹੂਲਤਾਂ ਮਿਲਣਗੀਆਂ ਜੋ ਆਮ ਜਨਤਾ ਲਈ ਉਪਲਬਧ ਹਨ, ਜਿਸ ਨਾਲ ਸਿਹਤਮੰਦ ਅਤੇ ਸੁਧਰੇ ਹੋਏ ਸਮਾਜ ਦੀ ਰਚਨਾ ਵੱਲ ਇੱਕ ਹੋਰ ਮਜ਼ਬੂਤ ਕਦਮ ਚੁੱਕਿਆ ਜਾ ਰਿਹਾ ਹੈ।
Get all latest content delivered to your email a few times a month.