ਤਾਜਾ ਖਬਰਾਂ
ਚੰਡੀਗੜ੍ਹ, 27 ਅਕਤੂਬਰ - ਰਾਜ ਸੂਚਨਾ ਕਮਿਸ਼ਨਰ ਪੰਜਾਬ ਸ੍ਰੀ ਹਰਪ੍ਰੀਤ ਸੰਧੂ ਨੇ ਅੱਜ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਦੀ ਪਵਿੱਤਰ ਯਾਦ ਨੂੰ ਸਮਰਪਿਤ ਆਪਣੀ ਕਲਾਤਮਕ ਕਿਤਾਬ “ਗੁਰੂ ਤੇਗ਼ ਬਹਾਦਰ ਸਾਹਿਬ ਦੀ ਅਧਿਆਤਮਿਕ ਯਾਤਰਾ” ਮਾਣਯੋਗ ਚੀਫ਼ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸ੍ਰੀ ਜਸਟਿਸ ਸ਼ੀਲ ਨਾਗੂ ਨੂੰ ਉਨ੍ਹਾਂ ਦੇ ਚੈਂਬਰਸ ਵਿਖੇ ਭੇਟ ਕੀਤੀ।
ਇਹ ਵਿਲੱਖਣ ਚਿੱਤਰਕਲਾ ਸੰਗ੍ਰਹਿ ਗੁਰੂ ਸਾਹਿਬ ਜੀ ਦੀ ਅਧਿਆਤਮਿਕ ਯਾਤਰਾ, ਉਨ੍ਹਾਂ ਦੇ ਉਪਦੇਸ਼ਾਂ ਅਤੇ ਸ਼ਹਾਦਤ ਨੂੰ ਦਰਸਾਉਂਦਾ ਹੈ। ਇਸ ਰਚਨਾ ਵਿੱਚ ਉਹ ਸਾਰੇ ਪਵਿੱਤਰ ਅਸਥਾਨ ਦਰਸਾਏ ਗਏ ਹਨ ਜਿਥੇ ਗੁਰੂ ਸਾਹਿਬ ਨੇ ਆਪਣੇ ਚਰਨ ਰੱਖੇ ਸਨ। ਹਰਪ੍ਰੀਤ ਸੰਧੂ ਨੇ ਆਪਣੇ ਕਲਾਤਮਕ ਅਭਿਗਮ ਰਾਹੀਂ ਸਿੱਖ ਇਤਿਹਾਸ ਅਤੇ ਵਿਰਾਸਤ ਦੀ ਰੂਹ ਨੂੰ ਤਸਵੀਰਾਂ ਤੇ ਸੰਖੇਪ ਇਤਿਹਾਸਕ ਵੇਰਵਿਆਂ ਦੇ ਸੁਮੇਲ ਨਾਲ ਪੇਸ਼ ਕੀਤਾ ਹੈ।
ਕਿਤਾਬ ਵਿੱਚ ਦਰਸਾਈਆਂ ਗਈਆਂ ਤਸਵੀਰਾਂ ਸਿਰਫ਼ ਕਲਾ ਨਹੀਂ, ਸਗੋਂ ਗੁਰੂ ਸਾਹਿਬ ਦੇ ਵਿਸ਼ਵ ਭਰਮਣ, ਮਨੁੱਖਤਾ, ਸਹਿਣਸ਼ੀਲਤਾ ਅਤੇ ਧਾਰਮਿਕ ਆਜ਼ਾਦੀ ਦੇ ਸੰਦੇਸ਼ ਦੀ ਪ੍ਰਤੀਕ ਹਨ। ਇਹ ਕਲਾਤਮਕ ਯਤਨ ਨੌਵੇਂ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਅਤੇ ਮਨੁੱਖਤਾ ਲਈ ਕੀਤੇ ਬਲਿਦਾਨ ਨੂੰ ਯਾਦਗਾਰ ਬਣਾਉਣ ਦਾ ਇੱਕ ਅਰਥਪੂਰਨ ਪ੍ਰਯਾਸ ਹੈ।
ਇਸ ਮੌਕੇ, ਚੀਫ਼ ਜਸਟਿਸ ਸ੍ਰੀ ਜਸਟਿਸ ਸ਼ੀਲ ਨਾਗੂ ਨੇ ਕਿਤਾਬ ਦੀ ਉੱਚ ਪੱਧਰੀ ਕਲਾ ਤੇ ਆਤਮਿਕਤਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਰਚਨਾ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਅਧਿਆਤਮਿਕ ਵਿਰਾਸਤ ਨੂੰ ਸੰਭਾਲਣ ਦੇ ਨਾਲ-ਨਾਲ ਵੱਖ-ਵੱਖ ਭਾਈਚਾਰਿਆਂ ਵਿਚਕਾਰ ਏਕਤਾ ਅਤੇ ਸਾਂਝੇ ਸੰਸਕਾਰਾਂ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਯੋਗਦਾਨ ਪਾਏਗੀ।
ਰਾਜ ਸੂਚਨਾ ਕਮਿਸ਼ਨਰ ਵੱਲੋਂ ਕਿਤਾਬਾਂ ਦਾ ਇੱਕ ਸੈੱਟ ਹਾਈ ਕੋਰਟ ਦੇ ਜੱਜਾਂ ਦੀ ਲਾਇਬ੍ਰੇਰੀ ਲਈ ਭੇਟ ਕੀਤਾ ਗਿਆ, ਤਾਂ ਜੋ ਇਹ ਕਲਾਤਮਕ ਤੇ ਇਤਿਹਾਸਕ ਰਚਨਾ ਵਿਦਿਅਕ ਅਧਿਐਨ ਅਤੇ ਆਤਮਿਕ ਪ੍ਰੇਰਣਾ ਦਾ ਸਰੋਤ ਬਣ ਸਕੇ।
ਚੀਫ਼ ਜਸਟਿਸ ਨੇ ਇਸ ਪਹਿਲਕਦਮੀ ਦੀ ਵਿਦਿਅਕ ਤੇ ਸੱਭਿਆਚਾਰਕ ਮਹੱਤਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਯਤਨ ਭਾਰਤ ਦੀ ਆਤਮਿਕ ਤੇ ਨੈਤਿਕ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਪ੍ਰੇਰਕ ਸਾਧਨ ਸਾਬਤ ਹੋਣਗੇ।
Get all latest content delivered to your email a few times a month.