IMG-LOGO
ਹੋਮ ਪੰਜਾਬ: ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਭ੍ਰਿਸ਼ਟਾਚਾਰ ਵਿਰੁੱਧ...

ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਭ੍ਰਿਸ਼ਟਾਚਾਰ ਵਿਰੁੱਧ ਇੱਕਜੁੱਟ ਹੋ ਕੇ ਚੁੱਕੀ ਸਹੁੰ

Admin User - Oct 27, 2025 06:33 PM
IMG

ਚੰਡੀਗੜ੍ਹ, 27 ਅਕਤੂਬਰ, 2025 – ਕੇਂਦਰੀ ਵਿਜੀਲੈਂਸ ਕਮਿਸ਼ਨ ਦੀ ਅਗਵਾਈ ਹੇਠ ਦੇਸ਼ ਭਰ ਵਿੱਚ ਸ਼ੁਰੂ ਕੀਤੀ ਪਹਿਲਕਦਮੀ ਦੇ ਹਿੱਸੇ ਵਜੋਂ, ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਵੀ 27 ਅਕਤੂਬਰ ਤੋਂ 2 ਨਵੰਬਰ, 2025 ਤੱਕ ਸੂਬੇ ਭਰ ਵਿੱਚ ਸਾਲਾਨਾ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ ਜਾਵੇਗਾ। ਇਸ ਹਫ਼ਤੇ ਨੂੰ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਮਨਾਉਣ ਲਈ, ਵਿਜੀਲੈਂਸ ਬਿਊਰੋ ਦੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੇ ਅੱਜ ਵਿਜੀਲੈਂਸ ਬਿਊਰੋ ਹੈੱਡਕੁਆਰਟਰ ਮੋਹਾਲੀ ਵਿਖੇ ਕਰਵਾਏ ਸਮਾਗਮ ਦੌਰਾਨ ਭ੍ਰਿਸ਼ਟਾਚਾਰ ਵਿਰੁੱਧ ਇੱਕਜੁੱਟ ਹੋਣ ਦੀ ਸਹੁੰ ਚੁੱਕੀ। ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਹ ਸਹੁੰ ਜਾਇੰਟ ਡਾਇਰੈਕਟਰ ਸ਼ਿਕਾਇਤ ਸ਼ਾਖਾ, ਪ੍ਰਭਜੋਤ ਕੌਰ ਵੱਲੋਂ ਸਪੈਸ਼ਲ ਡੀਜੀਪੀ-ਕਮ-ਚੀਫ਼ ਡਾਇਰੈਕਟਰ ਪ੍ਰਵੀਨ ਕੁਮਾਰ ਸਿਨਹਾ, ਤੁਸ਼ਾਰ ਗੁਪਤਾ ਅਤੇ ਡਿਆਮਾ ਹਰੀਸ਼ ਕੁਮਾਰ ਓਮਪ੍ਰਕਾਸ਼, (ਦੋਵੇਂ ਜੁਆਇੰਟ ਡਾਇਰੈਕਟਰ) ਅਤੇ ਹਰਪ੍ਰੀਤ ਸਿੰਘ ਏ.ਆਈ.ਜੀ., ਆਰਥਿਕ ਅਪਰਾਧ ਵਿੰਗ ਦੀ ਮੌਜੂਦਗੀ ਵਿੱਚ ਚੁਕਾਈ ਗਈ। 

ਇਸ ਸਬੰਧੀ ਅੱਜ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹਫ਼ਤਾ ਭਰ ਚੱਲਣ ਵਾਲੀ ਇਸ ਮੁਹਿੰਮ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਸਰਕਾਰੀ ਦਫਤਰਾਂ ਵਿੱਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਬਿਊਰੋ ਦੀਆਂ ਠੋਸ ਅਤੇ ਬਹੁ-ਪੱਖੀ ਪਹਿਲਕਦਮੀਆਂ ਵਿੱਚ ਇਕਜੁੱਟ ਹੋਣ ਲਈ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਪ੍ਰਤੀ ਜਾਗਰੂਕ ਕਰਨਾ ਅਤੇ ਸਸ਼ਕਤ ਬਣਾਉਣਾ ਹੈ।

ਇਹ ਹਫ਼ਤਾ "ਚੌਕਸੀ : ਸਾਡੀ ਸਾਂਝੀ ਜ਼ਿੰਮੇਵਾਰੀ" ਦੇ ਆਸ਼ੇ ਹੇਠ ਮਨਾਇਆ ਜਾਵੇਗਾ ਜੋ ਨੈਤਿਕ ਪ੍ਰਸ਼ਾਸਨ ਨੂੰ ਮਜ਼ਬੂਤ ਕਰਨ ਪ੍ਰਤੀ ਸਮੂਹਿਕ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਉਨ੍ਹਾਂ ਦੱਸਿਆ ਕਿ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਵਿਜੀਲੈਂਸ ਬਿਊਰੋ ਦੀਆਂ ਰੇਂਜਾਂ ਦੇ ਸਾਰੇ ਅਧਿਕਾਰੀਆਂ ਨੂੰ ਹਰੇਕ ਜ਼ਿਲ੍ਹੇ ਵਿੱਚ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਸਮਾਗਮ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਉਨ੍ਹਾਂ ਅੱਗੇ ਕਿਹਾ ਕਿ ਇਸ ਸਪਤਾਹ ਦੌਰਾਨ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ (ਏ.ਸੀ.ਏ.ਐਲ.) ਦੇ ਵੱਟਸਅਪ ਨੰਬਰ 9501200200 ਦੀ ਪਹੁੰਚ ਵਧਾਉਣ ‘ਤੇ ਧਿਆਨ ਕੇਂਦਰਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਾਰਚ 2022 ਵਿੱਚ ਸ਼ੁਰੂ ਕੀਤੇ ਗਏ ਇਸ ਸਮਰਪਿਤ ਪਲੇਟਫਾਰਮ ਰਾਹੀਂ ਆਮ ਲੋਕ ਭ੍ਰਿਸ਼ਟਾਚਾਰ ਨਾਲ ਸਬੰਧਤ ਆਡੀਓ-ਵੀਡੀਓ ਮੈਸੇਜ ਭੇਜ ਕੇ ਗੁਪਤ ਰੂਪ ਵਿੱਚ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ। 

ਬੁਲਾਰੇ ਨੇ ਅੱਗੇ ਕਿਹਾ ਕਿ ਵਿਜੀਲੈਂਸ ਬਿਊਰੋ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਅੱਜ ਇਸ ਸਪਤਾਹ ਦੀ ਸ਼ੁਰੂਆਤ ਮੌਕੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਵਿੱਚ ਸਮੂਹਿਕ ਤੌਰ 'ਤੇ ਇਕਜੁੱਟਤਾ ਦੀ ਸਹੁੰ ਚੁੱਕੀ।

ਉਨ੍ਹਾਂ ਅੱਗੇ ਦੱਸਿਆ ਕਿ ਵਿਆਪਕ ਜਨਤਕ ਜਾਗਰੂਕਤਾ ਮੁਹਿੰਮ ਦੇ ਹਿੱਸੇ ਵਜੋਂ, ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਬਾਰੇ ਜਨਤਾ ਨੂੰ ਜਾਗਰੂਕ ਕਰਨ ਲਈ ਮੁੱਖ ਜਨਤਕ ਥਾਵਾਂ 'ਤੇ ਬੈਨਰ ਲਗਾਏ ਜਾਣਗੇ। ਇਨ੍ਹਾਂ ਬੈਨਰਾਂ ਵਿੱਚ ਨਾਮਜ਼ਦ ਵਿਜੀਲੈਂਸ ਅਧਿਕਾਰੀਆਂ ਦੇ ਸੰਪਰਕ ਵੇਰਵੇ ਹੋਣਗੇ ਜੋ ਨਾਗਰਿਕਾਂ ਨੂੰ ਸ਼ਿਕਾਇਤਾਂ ਦੀ ਰਿਪੋਰਟ ਕਰਨ ਲਈ ਸਿੱਧੇ ਚੈਨਲ ਪ੍ਰਦਾਨ ਕਰਨਗੇ ਅਤੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਵਿੱਚ ਹੋਰ ਪਾਰਦਰਸ਼ਤਾ ਲਿਆਉਣਗੇ।

ਉਨ੍ਹਾਂ ਅੱਗੇ ਕਿਹਾ ਕਿ ਇੰਨਾਂ ਯਤਨਾਂ ਤੋਂ ਇਲਾਵਾ ਵਿਜੀਲੈਂਸ ਬਿਊਰੋ ਦੇ ਰੇਂਜ ਅਧਿਕਾਰੀਆਂ ਵੱਲੋਂ ਵਿਦਿਅਕ ਸੰਸਥਾਵਾਂ ਅਤੇ ਹੋਰ ਪ੍ਰਮੁੱਖ ਜਨਤਕ ਥਾਵਾਂ 'ਤੇ ਸੈਮੀਨਾਰ ਅਤੇ ਵਰਕਸ਼ਾਪਾਂ ਦਾ ਪ੍ਰਬੰਧ ਕੀਤਾ ਜਾਵੇਗਾ ਜਿਸ ਵਿੱਚ ਇਕਜੁੱਟਤਾ ਅਤੇ ਨੈਤਿਕਤਾ ਬਾਰੇ ਵਿਚਾਰ ਚਰਚਾ ਕਰਨ ਲਈ ਉੱਘੀਆਂ ਸ਼ਖਸੀਅਤਾਂ ਨੂੰ ਸੱਦਾ ਦਿੱਤਾ ਜਾਵੇਗਾ। ਉਨ੍ਹਾਂ ਨੂੰ ਵਿਜੀਲੈਂਸ ਅਤੇ ਇਮਾਨਦਾਰੀ ਦੇ ਸੰਦੇਸ਼ ਨੂੰ ਫੈਲਾਉਣ ਲਈ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਵੱਖ-ਵੱਖ ਵਿਭਾਗੀ ਦਫਤਰਾਂ ਨਾਲ ਤਾਲਮੇਲ ਬਣਾਉਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.