ਤਾਜਾ ਖਬਰਾਂ
ਭਾਰਤੀ ਕ੍ਰਿਕਟ ਟੀਮ ਲਈ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਟੀਮ ਦੇ ਮੱਧਕ੍ਰਮ ਦੇ ਤਜਰਬੇਕਾਰ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਸਿਡਨੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਬੀਸੀਸੀਆਈ (BCCI) ਸੂਤਰਾਂ ਅਨੁਸਾਰ ਉਹ ICU (ਇੰਟੈਂਸਿਵ ਕੇਅਰ ਯੂਨਿਟ) ਵਿੱਚ ਹਨ।
ਹਾਲ ਹੀ ਵਿੱਚ ਆਸਟ੍ਰੇਲੀਆ ਖਿਲਾਫ ਖੇਡੀ ਗਈ 3 ਮੈਚਾਂ ਦੀ ਵਨਡੇ ਸੀਰੀਜ਼ ਦੇ ਆਖਰੀ ਮੁਕਾਬਲੇ ਦੌਰਾਨ ਕੈਚ ਫੜ੍ਹਦੇ ਸਮੇਂ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ ਸੀ। ਤਾਜ਼ਾ ਜਾਣਕਾਰੀ ਅਨੁਸਾਰ, ਪੱਸਲੀਆਂ ਵਿੱਚ ਲੱਗੀ ਗੰਭੀਰ ਸੱਟ ਕਾਰਨ ਉਨ੍ਹਾਂ ਨੂੰ ICU ਵਿੱਚ ਭਰਤੀ ਕਰਵਾਇਆ ਗਿਆ ਹੈ।
ਕੈਚ ਫੜ੍ਹਨ ਦੀ ਕੋਸ਼ਿਸ਼ 'ਚ ਹੋਏ ਜ਼ਖਮੀ
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਸਿਡਨੀ ਵਿੱਚ ਖੇਡੇ ਗਏ ਆਖਰੀ ਵਨਡੇ ਮੈਚ ਵਿੱਚ, ਅਈਅਰ ਬੈਕਵਰਡ ਪੁਆਇੰਟ ਤੋਂ ਪਿੱਛੇ ਵੱਲ ਭੱਜਦੇ ਹੋਏ ਕੈਚ ਫੜ੍ਹਨ ਦੀ ਕੋਸ਼ਿਸ਼ ਵਿੱਚ ਜ਼ਖਮੀ ਹੋ ਗਏ ਸਨ। ਮੈਦਾਨ 'ਤੇ ਸ਼ੁਰੂਆਤੀ ਡਾਕਟਰੀ ਸਹਾਇਤਾ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਕੋਈ ਖਾਸ ਆਰਾਮ ਨਹੀਂ ਮਿਲਿਆ ਤਾਂ ਉਨ੍ਹਾਂ ਨੂੰ ਡਰੈਸਿੰਗ ਰੂਮ ਤੋਂ ਸਿੱਧਾ ਹਸਪਤਾਲ ਲਿਜਾਇਆ ਗਿਆ।
2 ਤੋਂ 7 ਦਿਨਾਂ ਤੱਕ ਰਹੇਗੀ ਨਿਗਰਾਨੀ
ਇਸ ਘਟਨਾਕ੍ਰਮ ਨਾਲ ਜੁੜੇ ਇੱਕ ਸੂਤਰ ਨੇ ਪੀਟੀਆਈ (PTI) ਨੂੰ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ, "ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਦੇ ਆਧਾਰ 'ਤੇ ਕਰੀਬ 2 ਤੋਂ 7 ਦਿਨਾਂ ਤੱਕ ਉਨ੍ਹਾਂ ਨੂੰ ਨਿਗਰਾਨੀ ਹੇਠ ਰੱਖਿਆ ਜਾਵੇਗਾ, ਕਿਉਂਕਿ ਖੂਨ ਵਗਣ ਕਾਰਨ ਸੰਕਰਮਣ (Infection) ਫੈਲਣ ਤੋਂ ਰੋਕਣ ਲਈ ਅਜਿਹਾ ਕਰਨਾ ਬਹੁਤ ਜ਼ਰੂਰੀ ਹੈ।"
ਸੂਤਰ ਨੇ ਅੱਗੇ ਦੱਸਿਆ ਕਿ ਭਾਰਤੀ ਟੀਮ ਦੇ ਫਿਜ਼ੀਓ ਅਤੇ ਡਾਕਟਰ ਬਿਨਾਂ ਕਿਸੇ ਦੇਰੀ ਦੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਲੈ ਗਏ। ਸੂਤਰ ਮੁਤਾਬਕ, "ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ, ਪਰ ਇਹ ਜਾਨਲੇਵਾ ਹੋ ਸਕਦੀ ਸੀ। ਉਹ ਇੱਕ ਮਜ਼ਬੂਤ ਖਿਡਾਰੀ ਹਨ ਅਤੇ ਜਲਦੀ ਠੀਕ ਹੋ ਜਾਣਗੇ।"
ਸ਼ੁਰੂਆਤੀ ਤੌਰ 'ਤੇ ਅਜਿਹਾ ਲੱਗ ਰਿਹਾ ਸੀ ਕਿ ਅਈਅਰ ਲਗਭਗ ਤਿੰਨ ਹਫ਼ਤਿਆਂ ਤੱਕ ਮੈਦਾਨ ਤੋਂ ਦੂਰ ਰਹਿ ਸਕਦੇ ਹਨ, ਪਰ ਹੁਣ ICU ਵਿੱਚ ਦਾਖਲ ਹੋਣ ਦੀਆਂ ਖ਼ਬਰਾਂ ਤੋਂ ਬਾਅਦ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਰਿਕਵਰੀ ਦੀ ਮਿਆਦ ਲੰਬੀ ਹੋ ਸਕਦੀ ਹੈ।
Get all latest content delivered to your email a few times a month.