ਤਾਜਾ ਖਬਰਾਂ
ਰੋਪੜ: ਪੰਜਾਬ ਦੇ ਜ਼ਿਲ੍ਹਾ ਰੋਪੜ ਦੇ ਚਮਕੌਰ ਸਾਹਿਬ ਨਾਲ ਸਬੰਧਤ ਨੌਜਵਾਨ ਜੁਝਾਰ ਸਿੰਘ ਨੇ 24 ਅਕਤੂਬਰ ਨੂੰ ਆਬੂ ਧਾਬੀ ਵਿੱਚ ਹੋਈ 'ਪਾਵਰ ਸਲੈਪ' (Power Slap) ਪ੍ਰਤੀਯੋਗਿਤਾ ਵਿੱਚ ਇਤਿਹਾਸਕ ਜਿੱਤ ਦਰਜ ਕਰਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਜੁਝਾਰ ਨੇ ਫਾਈਨਲ ਮੁਕਾਬਲੇ ਵਿੱਚ ਆਪਣੇ ਤਕੜੇ ਰੂਸੀ ਵਿਰੋਧੀ ਐਂਟਲੀ ਗਲੂਸ਼ਕਾ ਨੂੰ ਤੀਜੇ ਰਾਊਂਡ ਵਿੱਚ ਇੱਕੋ ਜ਼ੋਰਦਾਰ ਥੱਪੜ ਨਾਲ ਝਟਕਾ ਕੇ ਖਿਤਾਬ ਆਪਣੇ ਨਾਮ ਕੀਤਾ।
ਜੁਝਾਰ ਨੇ ਜਿੱਤ ਤੋਂ ਬਾਅਦ ਆਪਣੇ ਫੇਸਬੁੱਕ ਪੇਜ 'ਤੇ ਵੀਡੀਓ ਸਾਂਝਾ ਕਰਦੇ ਹੋਏ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਭੰਗੜਾ ਪਾਉਂਦੇ ਹੋਏ ਕਿਹਾ, “I am winner।”
ਸੱਟ ਲੱਗਣ ਦੇ ਬਾਵਜੂਦ ਨਹੀਂ ਛੱਡੀ ਹਿੰਮਤ
ਇਹ ਮੁਕਾਬਲਾ ਕਾਫੀ ਰੋਮਾਂਚਕ ਰਿਹਾ। ਪਹਿਲੇ ਰਾਊਂਡ ਵਿੱਚ ਜੁਝਾਰ ਨੂੰ 9 ਅਤੇ ਗਲੂਸ਼ਕਾ ਨੂੰ 10 ਅੰਕ ਮਿਲੇ। ਹਾਲਾਂਕਿ, ਦੂਜੇ ਰਾਊਂਡ ਵਿੱਚ ਗਲੂਸ਼ਕਾ ਦੇ ਥੱਪੜ ਨਾਲ ਜੁਝਾਰ ਦੀ ਅੱਖ 'ਤੇ ਸੱਟ ਲੱਗੀ, ਪਰ ਇਸ ਪੰਜਾਬੀ ਗੱਭਰੂ ਨੇ ਹਾਰ ਨਹੀਂ ਮੰਨੀ। ਕੋਚ ਦੀ ਸਲਾਹ 'ਤੇ ਮਰ੍ਹਮ ਲਗਾਉਣ ਤੋਂ ਬਾਅਦ ਜੁਝਾਰ ਨੇ ਆਪਣੀਆਂ ਮੁੱਛਾਂ ਨੂੰ ਵੱਟ ਦਿੱਤਾ ਅਤੇ ਕਿਹਾ, “ਦੱਸਦਾ ਮੈਂ ਤੈਨੂੰ,” ਤੇ ਪੂਰੇ ਜੋਸ਼ ਨਾਲ ਤੀਜੇ ਅਤੇ ਫੈਸਲਾਕੁੰਨ ਰਾਊਂਡ ਵਿੱਚ ਹਿੱਸਾ ਲਿਆ। ਅੰਤਿਮ ਸਕੋਰ ਜੁਝਾਰ ਦੇ ਪੱਖ ਵਿੱਚ 29-27 ਰਿਹਾ।
ਜਿੱਤ ਤੋਂ ਬਾਅਦ ਜੁਝਾਰ ਨੇ ਨਾ ਸਿਰਫ ਸਟੇਜ 'ਤੇ ਭੰਗੜਾ ਪਾਇਆ, ਸਗੋਂ ਸਵਰਗੀ ਸਿੱਧੂ ਮੂਸੇਵਾਲਾ ਦੇ ਅੰਦਾਜ਼ ਵਿੱਚ ਪੱਟ 'ਤੇ ਥਾਪੀ ਮਾਰ ਕੇ ਆਪਣੀ ਜਿੱਤ ਦਾ ਜਸ਼ਨ ਮਨਾਇਆ। ਜੁਝਾਰ ਦੀ ਇਹ ਜਿੱਤ ਭਾਰਤੀ ਪਾਵਰ ਸਲੈਪ ਖੇਡ ਲਈ ਇੱਕ ਵੱਡਾ ਮਾਣ ਵਾਲਾ ਪਲ ਹੈ।
Get all latest content delivered to your email a few times a month.