ਤਾਜਾ ਖਬਰਾਂ
ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਵਿੱਚ ਇੱਕ ਮਹਿਲਾ ਡਾਕਟਰ ਵੱਲੋਂ ਖੁਦਕੁਸ਼ੀ ਕਰਨ ਦੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਪੁਲਿਸ ਅਨੁਸਾਰ, ਸਬ-ਜ਼ਿਲ੍ਹਾ ਹਸਪਤਾਲ ਵਿੱਚ ਮੈਡੀਕਲ ਅਫਸਰ ਵਜੋਂ ਤਾਇਨਾਤ ਇਸ ਡਾਕਟਰ ਨੇ ਆਪਣੀ ਹਥੇਲੀ 'ਤੇ ਲਿਖੇ ਸੁਸਾਈਡ ਨੋਟ ਵਿੱਚ ਪੁਲਿਸ ਸਬ-ਇੰਸਪੈਕਟਰ ਗੋਪਾਲ ਬਦਨੇ ਉੱਤੇ ਦੋਸ਼ ਲਗਾਇਆ ਹੈ ਕਿ ਉਸਨੇ ਪੰਜ ਮਹੀਨਿਆਂ ਦੇ ਅੰਦਰ ਚਾਰ ਵਾਰ ਉਸ ਨਾਲ ਜਬਰ ਜਿਨਾਹ ਕੀਤਾ। ਡਾਕਟਰ ਨੇ ਆਪਣੇ ਨੋਟ ਵਿੱਚ ਇਹ ਵੀ ਲਿਖਿਆ ਕਿ ਐਸਆਈ ਦੇ ਲਗਾਤਾਰ ਮਾਨਸਿਕ ਅਤੇ ਸਰੀਰਕ ਤਸ਼ੱਦਦ ਕਾਰਨ ਉਹ ਇਹ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਈ। ਘਟਨਾ ਵੀਰਵਾਰ ਰਾਤ ਨੂੰ ਵਾਪਰੀ ਜਿਸ ਨਾਲ ਰਾਜ ਭਰ ਵਿੱਚ ਰਾਜਨੀਤਿਕ ਅਤੇ ਪ੍ਰਸ਼ਾਸਕੀ ਹਲਚਲ ਮਚ ਗਈ। ਆਰੋਪੀ ਅਧਿਕਾਰੀ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ।
ਸੁਸਾਈਡ ਨੋਟ ਤੋਂ ਇਲਾਵਾ, ਮਹਿਲਾ ਡਾਕਟਰ ਨੇ 19 ਜੂਨ ਨੂੰ ਡੀਐਸਪੀ ਨੂੰ ਭੇਜੇ ਇੱਕ ਪੱਤਰ ਵਿੱਚ ਵੀ ਇਹੀ ਦੋਸ਼ ਲਗਾਏ ਸਨ। ਉਸਨੇ ਲਿਖਿਆ ਕਿ ਐਸਆਈ ਗੋਪਾਲ ਬਦਨੇ ਲੰਬੇ ਸਮੇਂ ਤੋਂ ਉਸਦਾ ਸ਼ੋਸ਼ਣ ਕਰ ਰਿਹਾ ਸੀ ਅਤੇ ਉਸਨੂੰ ਕਈ ਵਾਰ ਧਮਕੀਆਂ ਦੇ ਕੇ ਚੁੱਪ ਕਰਵਾਉਂਦਾ ਰਿਹਾ। ਹੱਥ ਨਾਲ ਲਿਖੇ ਨੋਟ ਵਿੱਚ ਸਾਫ਼ ਤੌਰ 'ਤੇ ਉਸਨੇ ਕਿਹਾ ਕਿ ਉਸਦੀ ਮੌਤ ਦਾ ਜ਼ਿੰਮੇਵਾਰ ਕੇਵਲ ਇਹ ਪੁਲਿਸ ਅਧਿਕਾਰੀ ਹੈ। ਉਸਦੀ ਚਿੱਠੀ ਵਿੱਚ ਦਰਸਾਇਆ ਗਿਆ ਹੈ ਕਿ ਐਸਆਈ ਵੱਲੋਂ ਲਗਾਤਾਰ ਦਬਾਅ, ਬੇਇਜ਼ਤੀ ਅਤੇ ਧਮਕੀਆਂ ਨੇ ਉਸਦਾ ਮਨੋਬਲ ਤੋੜ ਦਿੱਤਾ।
ਡੀਐਸਪੀ ਨੂੰ ਭੇਜੇ ਪੱਤਰ ਵਿੱਚ ਮਹਿਲਾ ਡਾਕਟਰ ਨੇ ਤਿੰਨ ਪੁਲਿਸ ਅਧਿਕਾਰੀਆਂ ਵਿਰੁੱਧ ਹਿਰਾਸਟਮੈਂਟ ਦੇ ਦੋਸ਼ ਲਗਾਏ ਸਨ-ਐਸਆਈ ਗੋਪਾਲ ਬਦਨੇ, ਸਬ-ਡਿਵੀਜ਼ਨਲ ਪੁਲਿਸ ਇੰਸਪੈਕਟਰ ਪਾਟਿਲ ਅਤੇ ਸਹਾਇਕ ਪੁਲਿਸ ਇੰਸਪੈਕਟਰ ਲਾਡਪੁਤ੍ਰੇ। ਉਸਨੇ ਆਪਣੇ ਪੱਤਰ ਵਿੱਚ ਬੇਨਤੀ ਕੀਤੀ ਕਿ ਉਸਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਜਿੰਮੇਵਾਰ ਅਧਿਕਾਰੀਆਂ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਹੋਵੇ। ਇਹ ਪੱਤਰ ਹੁਣ ਜਾਂਚ ਏਜੰਸੀਆਂ ਲਈ ਮਹੱਤਵਪੂਰਨ ਸਬੂਤ ਬਣਿਆ ਹੈ, ਜਦਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ 'ਚ ਮਹਿਲਾ ਡਾਕਟਰ ਦੇ ਚਚੇਰੇ ਭਰਾ ਨੇ ਵੀ ਗੰਭੀਰ ਦਾਅਵੇ ਕੀਤੇ ਹਨ। ਉਸਦਾ ਕਹਿਣਾ ਹੈ ਕਿ ਡਾਕਟਰ ਉੱਤੇ ਪੁਲਿਸ ਅਧਿਕਾਰੀਆਂ ਵੱਲੋਂ ਜਾਅਲੀ ਮੈਡੀਕਲ ਰਿਪੋਰਟ ਤਿਆਰ ਕਰਨ ਲਈ ਦਬਾਅ ਪਾਇਆ ਗਿਆ ਸੀ ਅਤੇ ਇਸ ਇਨਕਾਰ ਕਾਰਨ ਹੀ ਉਸਨੂੰ ਟਾਰਗਟ ਕੀਤਾ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਦੋ ਸਾਲ ਪਹਿਲਾਂ ਹੀ ਨੌਕਰੀ ਵਿੱਚ ਸ਼ਾਮਲ ਹੋਈ ਇਹ ਜਵਾਨ ਡਾਕਟਰ ਬਹੁਤ ਹੀ ਹੋਣਹਾਰ ਅਤੇ ਜ਼ਿੰਮੇਵਾਰ ਸੀ। ਉਹਨਾਂ ਮੰਗ ਕੀਤੀ ਹੈ ਕਿ ਆਰੋਪੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਐਸੇ ਕੇਸਾਂ ਨੂੰ ਦੁਬਾਰਾ ਹੋਣ ਤੋਂ ਰੋਕਿਆ ਜਾ ਸਕੇ।
Get all latest content delivered to your email a few times a month.